
ਦਿੱਲੀ-ਸੰਗਰੂਰ ਨੈਸ਼ਨਲ ਹਾਈਵੇਅ ‘ਤੇ ਸਥਿਤ ਸੰਗਰੂਰ ਰੋਡ ਕੈਂਚੀਆਂ ਵਿਖੇ ਦਿਨ-ਦਿਹਾੜੇ ਇੱਕ ਵੱਡੀ ਵਾਰਦਾਤ ਸਾਹਮਣੇ ਆਈ ਹੈ। ਜਿੱਥੇ ਵਾਰਡ ਨੰਬਰ 5 ਤੋਂ ‘ਆਪ’ ਕੌਂਸਲਰ ਪਰਮਜੀਤ ਕੌਰ ਦੇ ਪਤੀ ਕੁਲਦੀਪ ਸਿੰਘ ਬਿੱਟੂ ਬਦੇਸ਼ਾ ਪ੍ਰਧਾਨ ਕਾਰ ਬਾਜ਼ਾਰ ਐਸੋਸੀਏਸ਼ਨ ਪਾਤੜਾਂ ਉੱਤੇ ਕੁੱਝ ਵਿਅਕਤੀਆਂ ਨੇ ਹਮਲਾ ਕਰ ਦਿੱਤਾ।
ਇਸ ਨਾਲ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਨਗਰ ਕੌਂਸਲ ਚੋਣਾਂ ਦੌਰਾਨ ਸ਼ੁਰੂ ਹੋਏ ਆਪਸੀ ਝਗੜੇ ਨੇ ਅੱਜ ਉਸ ਵੇਲੇ ਖਤਰਨਾਕ ਰੂਪ ਧਾਰ ਲਿਆ, ਜਦੋਂ ਇਸ ਪੁਰਾਣੀ ਖੁੰਦਕ ਤਹਿਤ ਚੱਲਦੇ ਬਾਜ਼ਾਰ ਵਿੱਚ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ।
ਜਾਣਕਾਰੀ ਮੁਤਾਬਕ ਕੁਲਦੀਪ ਸਿੰਘ ਬਿੱਟੂ ਬਦੇਸ਼ਾ ਪਟਿਆਲਾ ਰੋਡ ‘ਤੇ ਸਥਿਤ ਹੇਅਰ ਡਰੈੱਸਰ ਦੀ ਦੁਕਾਨ ਤੋਂ ਆਪਣਾ ਕੰਮ ਕਰਵਾ ਕੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਘਰ ਪਰਤ ਰਹੇ ਸਨ। ਜਦੋਂ ਉਹ ਸੰਗਰੂਰ ਰੋਡ ਕੈਂਚੀਆਂ ਨੇੜੇ ਪਹੁੰਚੇ ਤਾਂ ਪਿੱਛੋਂ ਆ ਰਹੀ ਇੱਕ ਗੱਡੀ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਸੜਕ ‘ਤੇ ਡਿੱਗ ਗਏ।
ਇਸ ਦੌਰਾਨ ਗੱਡੀ ਵਿੱਚੋਂ ਉਤਰੇ ਹਮਲਾਵਰਾਂ ਨੇ ਡਾਂਗਾਂ ਅਤੇ ਸੋਟੀਆਂ ਨਾਲ ਬਿੱਟੂ ਬਦੇਸ਼ਾ ਉੱਤੇ ਹਮਲਾ ਕਰ ਦਿੱਤਾ। ਹਾਲਾਂਕਿ ਮੁੱਖ ਮਾਰਗ ਹੋਣ ਕਾਰਨ ਮੌਕੇ ‘ਤੇ ਭਾਰੀ ਭੀੜ ਇਕੱਠੀ ਹੋ ਗਈ, ਪਰ ਹਮਲਾਵਰਾਂ ਦੇ ਖ਼ੌਫ਼ ਅਤੇ ਡਰ ਦੇ ਮਾਹੌਲ ਕਾਰਨ ਕੋਈ ਵੀ ਰਾਹਗੀਰ ਅੱਗੇ ਆ ਕੇ ਉਨ੍ਹਾਂ ਨੂੰ ਛੁਡਾਉਣ ਦੀ ਹਿੰਮਤ ਨਹੀਂ ਕਰ ਸਕਿਆ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ।
ਘਟਨਾ ਤੋਂ ਤੁਰੰਤ ਬਾਅਦ ਇਕੱਠੇ ਹੋਏ ਰਾਹਗੀਰਾਂ ਅਤੇ ਸਥਾਨਕ ਲੋਕਾਂ ਨੇ ਕੌਂਸਲਰ ਦੇ ਪਤੀ ਨੂੰ ਤੁਰੰਤ ਪਾਤੜਾਂ ਦੇ ਸਰਕਾਰੀ ਹਸਪਤਾਲ ਪਹੁੰਚਾਇਆ। ਉੱਥੇ ਮੌਜੂਦ ਡਾਕਟਰਾਂ ਨੇ ਪੀੜਤ ਦੀ ਹਾਲਤ ਨੂੰ ਦੇਖਦਿਆਂ, ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਅਗਲੇ ਇਲਾਜ ਲਈ ਤੁਰੰਤ ਸਿਵਲ ਹਸਪਤਾਲ ਸਮਾਣਾ ਵਿਖੇ ਰੈਫਰ ਕਰ ਦਿੱਤਾ।
EDITED BY- HARLEEN KAUR




