टॉप न्यूज़

ਕੀ ਮੁੜ ਖੁੱਲ੍ਹੇਗਾ ਕਰਤਾਰਪੁਰ ਕੌਰੀਡੋਰ?

ਸਰਹੱਦ ਤੋਂ ਉੱਠੀ ਵੱਡੀ ਮੰਗ

ਡੇਰਾ ਬਾਬਾ ਨਾਨਕ ਦੀ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ‘ਤੇ ਬਣੇ ਦਰਸ਼ਨ ਸਥਲ ਤੋਂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਬੰਦ ਪਏ ਕਰਤਾਰਪੁਰ ਕੌਰੀਡੋਰ ਨੂੰ ਮੁੜ ਖੋਲ੍ਹਣ ਦੀ ਮੰਗ ਇੱਕ ਵਾਰ ਫਿਰ ਜ਼ੋਰਦਾਰ ਢੰਗ ਨਾਲ ਉੱਠੀ ਹੈ। ਸ੍ਰੀ ਕਰਤਾਰਪੁਰ ਰਾਵੀ ਦਰਸ਼ਨ ਅਭਿਲਾਸ਼ੀ ਸੰਸਥਾ ਵੱਲੋਂ ਨਾਨਕ ਨਾਮ ਲੇਵਾ ਸੰਗਤ ਦੇ ਨਾਲ ਵਿਸ਼ੇਸ਼ ਅਰਦਾਸ ਕੀਤੀ ਗਈ।
ਇਸ ਅਰਦਾਸ ਵਿੱਚ ਸ਼ਾਮਲ ਹੋਏ ਜਸਬੀਰ ਸਿੰਘ ਅਤੇ ਅਵਤਾਰ ਸਿੰਘ ਨੇ ਕਿਹਾ ਕਿ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਬੰਦ ਪਏ ਕੌਰੀਡੋਰ ਨੂੰ ਮੁੜ ਖੋਲ੍ਹਣ ਦੀ ਅਰਦਾਸ ਨਾਨਕ ਨਾਮ ਲੇਵਾ ਸੰਗਤ ਵੱਲੋਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸੰਗਤ ਦੀ ਸ੍ਰੀ ਕਰਤਾਰਪੁਰ ਸਾਹਿਬ ਨਾਲ ਡੂੰਘੀ ਆਸਥਾ ਜੁੜੀ ਹੋਈ ਹੈ ਅਤੇ ਕੌਰੀਡੋਰ ਬੰਦ ਹੋਣ ਕਾਰਨ ਲੱਖਾਂ ਸ਼ਰਧਾਲੂ ਦਰਸ਼ਨਾਂ ਤੋਂ ਵਾਂਝੇ ਹਨ।
ਉਨ੍ਹਾਂ ਦੱਸਿਆ ਕਿ ਸ੍ਰੀ ਕਰਤਾਰਪੁਰ ਰਾਵੀ ਦਰਸ਼ਨ ਅਭਿਲਾਸ਼ੀ ਸੰਸਥਾ ਦੇ ਸੰਸਥਾਪਕ ਅਤੇ ਪੰਥਕ ਆਗੂ ਸਵਰਗੀ ਕੁਲਦੀਪ ਸਿੰਘ ਨੇ ਲਗਭਗ 25 ਸਾਲ ਪਹਿਲਾਂ ਹਰ ਮਹੀਨੇ ਦੀ ਅਮਾਵਸਿਆ ਨੂੰ ਡੇਰਾ ਬਾਬਾ ਨਾਨਕ ਦੀ ਅੰਤਰਰਾਸ਼ਟਰੀ ਸਰਹੱਦ ‘ਤੇ ਸ੍ਰੀ ਕਰਤਾਰਪੁਰ ਕੌਰੀਡੋਰ ਖੋਲ੍ਹਣ ਲਈ ਅਰਦਾਸ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਕਿਹਾ ਕਿ ਸੰਗਤ ਦੀਆਂ ਅਰਦਾਸਾਂ ਨੂੰ ਫਲ ਮਿਲਿਆ ਅਤੇ ਨਵੰਬਰ 2019 ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਵੱਲੋਂ ਕਰਤਾਰਪੁਰ ਕੌਰੀਡੋਰ ਖੋਲ੍ਹਿਆ ਗਿਆ ਸੀ।
ਹਾਲਾਂਕਿ, ਪਹਲਗਾਮ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਪੈਦਾ ਹੋਏ ਤਣਾਅ ਦੇ ਮੱਦੇਨਜ਼ਰ ਕਰਤਾਰਪੁਰ ਕੌਰੀਡੋਰ ਬੰਦ ਹੈ। ਇਸ ਕਾਰਨ ਨਾਨਕ ਨਾਮ ਲੇਵਾ ਸੰਗਤ ਵਿੱਚ ਨਿਰਾਸ਼ਾ ਪਾਈ ਜਾ ਰਹੀ ਹੈ ਅਤੇ ਸ਼ਰਧਾਲੂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਸਿੱਧੇ ਦਰਸ਼ਨਾਂ ਤੋਂ ਵਾਂਝੇ ਹਨ।
ਅਰਦਾਸ ਵਿੱਚ ਸ਼ਾਮਲ ਸੰਗਤ ਅਤੇ ਸੰਸਥਾ ਦੇ ਨੁਮਾਇੰਦਿਆਂ ਨੇ ਕਿਹਾ ਕਿ ਸ੍ਰੀ ਕਰਤਾਰਪੁਰ ਸਾਹਿਬ ਦਾ ਕੌਰੀਡੋਰ ਸਿਰਫ਼ ਦੋ ਦੇਸ਼ਾਂ ਨੂੰ ਜੋੜਨ ਵਾਲਾ ਰਸਤਾ ਨਹੀਂ, ਸਗੋਂ ਇਹ ਸਿੱਖ ਸੰਗਤ ਦੀ ਆਸਥਾ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਜੁੜਿਆ ਪਵਿੱਤਰ ਮਾਰਗ ਹੈ। ਉਨ੍ਹਾਂ ਸਰਕਾਰਾਂ ਨੂੰ ਅਪੀਲ ਕੀਤੀ ਕਿ ਸੰਗਤ ਦੀਆਂ ਧਾਰਮਿਕ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਕੌਰੀਡੋਰ ਨੂੰ ਜਲਦ ਤੋਂ ਜਲਦ ਮੁੜ ਖੋਲ੍ਹਿਆ ਜਾਵੇ।
ਇਸ ਦੇ ਨਾਲ ਹੀ ਉਨ੍ਹਾਂ ਨੇ ਪਾਸਪੋਰਟ ਦੀ ਸ਼ਰਤ ਅਤੇ 20 ਡਾਲਰ ਦੀ ਫੀਸ ਖ਼ਤਮ ਕਰਨ ਦੀ ਮੰਗ ਵੀ ਕੀਤੀ। ਉਨ੍ਹਾਂ ਕਿਹਾ ਕਿ ਸੰਗਤ ਲਈ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਹੋਰ ਸੁਖਾਲੇ ਬਣਾਏ ਜਾਣੇ ਚਾਹੀਦੇ ਹਨ, ਤਾਂ ਜੋ ਵੱਧ ਤੋਂ ਵੱਧ ਸ਼ਰਧਾਲੂ ਬਿਨਾਂ ਵਾਧੂ ਰੁਕਾਵਟਾਂ ਦੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣ।
ਅਮਾਵਸਿਆ ਮੌਕੇ ਸਰਹੱਦ ‘ਤੇ ਕੀਤੀ ਗਈ ਇਹ ਅਰਦਾਸ ਇੱਕ ਵਾਰ ਫਿਰ ਸੰਗਤ ਦੀ ਉਸ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਸਾਹਮਣੇ ਲੈ ਆਈ ਹੈ, ਜਿਸ ਵਿੱਚ ਕਰਤਾਰਪੁਰ ਕੌਰੀਡੋਰ ਨੂੰ ਮੁੜ ਖੋਲ੍ਹਣ ਦੀ ਅਪੀਲ ਕੀਤੀ ਜਾ ਰਹੀ ਹੈ। ਹੁਣ ਸੰਗਤ ਦੀਆਂ ਨਜ਼ਰਾਂ ਸਰਕਾਰਾਂ ਦੇ ਅਗਲੇ ਫ਼ੈਸਲੇ ‘ਤੇ ਟਿਕੀਆਂ ਹਨ।
EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!