ਅੰਮ੍ਰਿਤਸਰ ਦੇ ਲੋਪੋਕੇ ਥਾਣਾ ਖੇਤਰ ਅਧੀਨ ਆਉਂਦੇ ਪਿੰਡ ਭੁੱਲਰ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਮਹਿਲਾ ‘ਤੇ ਆਰੋਪ ਲੱਗਾ ਹੈ ਕਿ ਉਹ ਵਿਦੇਸ਼ (ਜਰਮਨੀ) ਤੋਂ ਵਾਪਸ ਆਉਣ ਤੋਂ ਬਾਅਦ ਆਪਣੇ ਪਤੀ ਨੂੰ ਖਾਣੇ ਵਿੱਚ ਨਸ਼ੀਲਾ ਪਦਾਰਥ ਮਿਲਾ ਕੇ ਬੇਹੋਸ਼ ਕਰ ਗਈ ਅਤੇ ਫਿਰ ਘਰ ਵਿੱਚੋਂ ਲੱਖਾਂ ਰੁਪਏ ਦੀ ਨਕਦੀ, ਸੋਨੇ ਦੇ ਗਹਿਣੇ, ਪਾਸਪੋਰਟ ਅਤੇ ਹੋਰ ਕੀਮਤੀ ਸਾਮਾਨ ਲੈ ਕੇ ਫਰਾਰ ਹੋ ਗਈ। ਪੁਲਿਸ ਨੇ ਪੀੜਤ ਦੀ ਸ਼ਿਕਾਇਤ ਦੇ ਆਧਾਰ ‘ਤੇ ਪਤਨੀ ਅਤੇ ਉਸਦੇ ਪਰਿਵਾਰ ਦੇ ਤਿੰਨ ਮੈਂਬਰਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਿੰਡ ਭੁੱਲਰ ਦੇ ਰਹਿਣ ਵਾਲੇ ਪੀੜਤ ਸੁਖਬੀਰ ਸਿੰਘ ਨੇ ਲੋਪੋਕੇ ਥਾਣਾ ਪੁਲਿਸ ਅਤੇ ਉੱਚ ਅਧਿਕਾਰੀਆਂ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦਾ ਵਿਆਹ 22 ਜਨਵਰੀ 2021 ਨੂੰ ਪਿੰਡ ਢਾਲਾਂ ਨੌਸ਼ਹਿਰਾ ਦੀ ਰਹਿਣ ਵਾਲੀ ਅਰਸ਼ਦੀਪ ਕੌਰ ਨਾਲ ਹੋਇਆ ਸੀ। ਉਸ ਨੇ ਆਪਣੀ ਪਤਨੀ ਨੂੰ ਚੰਗੇ ਭਵਿੱਖ ਅਤੇ ਕਮਾਈ ਲਈ ਜਰਮਨੀ (ਬਰਲਿਨ) ਭੇਜਣ ਵਾਸਤੇ ਆਪਣਾ ਘਰ ਤੱਕ ਵੇਚ ਦਿੱਤਾ ਸੀ ਅਤੇ ਕਰੀਬ 25 ਲੱਖ ਰੁਪਏ ਖਰਚ ਕੀਤੇ ਸਨ।




