SGPC ਨੇ ਪੰਜਾਬ ਬੰਦ ਦਾ ਕੀਤਾ ਸਮਰਥਨ
ਐਡਵੋਕੇਟ ਧਾਮੀ ਬੋਲੇ- ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਸਮਝਣਾ ਚਾਹੀਦਾ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਕੌਮੀ ਇਨਸਾਫ਼ ਮੋਰਚਾ ਵੱਲੋਂ 21 ਅਗਸਤ ਨੂੰ ਸੱਦੇ ਗਏ ਪੰਜਾਬ ਬੰਦ ਦਾ ਸਮਰਥਨ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਚੱਲਦਿਆਂ SGPC ਦੀ ਪਹਿਲਾਂ ਤੋਂ ਤੈਅ ਅੰਤ੍ਰਿਮ ਕਮੇਟੀ ਦੀ ਮੀਟਿੰਗ ਦੀ ਤਾਰੀਖ ਵੀ ਬਦਲ ਦਿੱਤੀ ਗਈ ਹੈ।
ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਦੱਸਿਆ ਕਿ ਅੰਤ੍ਰਿਮ ਕਮੇਟੀ ਦੀ ਮੀਟਿੰਗ ਹੁਣ 21 ਦੀ ਬਜਾਏ 22 ਅਗਸਤ ਨੂੰ ਸਵੇਰੇ 11 ਵਜੇ SGPC ਦੇ ਮੁੱਖ ਦਫ਼ਤਰ ਅੰਮ੍ਰਿਤਸਰ ਵਿਖੇ ਹੋਵੇਗੀ। ਉਨ੍ਹਾਂ ਕਿਹਾ ਕਿ SGPC ਬੰਦੀ ਸਿੰਘਾਂ ਦੀ ਰਿਹਾਈ ਲਈ ਲਗਾਤਾਰ ਯਤਨ ਕਰਦੀ ਰਹੀ ਹੈ। ਇਸ ਮੰਗ ਨੂੰ ਲੈ ਕੇ ਹੋਣ ਵਾਲੇ ਸੰਘਰਸ਼ਾਂ ਦਾ SGPC ਸਮਰਥਨ ਕਰਦੀ ਹੈ।
ਧਾਮੀ ਨੇ ਕਿਹਾ ਕਿ ਸਰਕਾਰ ਨੂੰ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਵਿੱਚ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਸਮਝਣਾ ਚਾਹੀਦਾ ਹੈ। ਉਨ੍ਹਾਂ ਆਰੋਪ ਲਾਇਆ ਕਿ ਸਰਕਾਰ ਇਸ ਮੁੱਦੇ ‘ਤੇ ਸੰਘਰਸ਼ ਕਰਨ ਵਾਲਿਆਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦਾ ਵਿਰੋਧ ਕੀਤਾ ਜਾਣਾ ਚਾਹੀਦਾ ਹੈ।
SGPC ਪ੍ਰਧਾਨ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਲੰਬੇ ਸਮੇਂ ਤੋਂ ਸਿੱਖ ਭਾਈਚਾਰੇ ਦੀਆਂ ਪ੍ਰਮੁੱਖ ਮੰਗਾਂ ਵਿੱਚ ਸ਼ਾਮਲ ਹੈ। SGPC ਇਸ ਮੁੱਦੇ ਨੂੰ ਲੈ ਕੇ ਪਹਿਲਾਂ ਵੀ ਸਰਕਾਰਾਂ ਦੇ ਸਾਹਮਣੇ ਆਵਾਜ਼ ਉਠਾਉਂਦੀ ਰਹੀ ਹੈ ਅਤੇ ਅੱਗੇ ਵੀ ਯਤਨ ਜਾਰੀ ਰੱਖੇਗੀ।
ਉਨ੍ਹਾਂ ਸਪੱਸ਼ਟ ਕੀਤਾ ਕਿ 21 ਅਗਸਤ ਦੇ ਪੰਜਾਬ ਬੰਦ ਦੇ ਸਮਰਥਨ ਵਿੱਚ SGPC ਦੇ ਮੁੱਖ ਦਫ਼ਤਰ ਸਮੇਤ ਇਸ ਦੇ ਸਾਰੇ ਅਦਾਰੇ ਅਤੇ ਦਫ਼ਤਰ ਬੰਦ ਰਹਿਣਗੇ। ਉਥੇ ਹੀ ਅੰਤ੍ਰਿਮ ਕਮੇਟੀ ਦੀ ਮੀਟਿੰਗ 22 ਅਗਸਤ ਨੂੰ ਸਵੇਰੇ 11 ਵਜੇ ਨਿਰਧਾਰਤ ਸਮੇਂ ਅਨੁਸਾਰ ਕਰਵਾਈ ਜਾਵੇਗੀ।
EDITED BY- HARLEEN KAUR




