Tarn Taran ‘ਚ ਸਹੁਰੇ ਨੇ ਨੂੰਹ ਦਾ ਗਲਾ ਘੁੱਟ ਕੇ ਕੀਤੀ ਹੱਤਿਆ
ਤਿਰਪਾਲ 'ਚ ਲਪੇਟ ਕੇ ਲਾਸ਼ ਕੰਧ ਪਿੱਛੇ ਲੁਕਾਈ

ਤਰਨਤਾਰਨ ‘ਚ ਇੱਕ ਸਹੁਰੇ ਨੇ ਆਪਣੀ ਨੂੰਹ ਦਾ ਗਲਾ ਘੁੱਟ ਕੇ ਕਥਿਤ ਤੌਰ ’ਤੇ ਕਤਲ ਕਰ ਦਿੱਤਾ। ਕਤਲ ਤੋਂ ਬਾਅਦ ਲਾਸ਼ ਨੂੰ ਪਲਾਸਟਿਕ ਅਤੇ ਤਿਰਪਾਲ ਵਿੱਚ ਲਪੇਟ ਕੇ ਘਰ ਦੇ ਪੇਟੀਆਂ ਵਾਲੇ ਕਮਰੇ ਵਿੱਚ ਬਣੀ ਛੋਟੀ ਕੰਧ ਦੇ ਪਿੱਛੇ ਲੁਕਾ ਦਿੱਤਾ ਗਿਆ। ਮ੍ਰਿਤਕ ਔਰਤ ਦੀ ਮਾਂ ਜਦੋਂ ਆਪਣੀ ਧੀ ਨੂੰ ਲੱਭ ਰਹੀ ਸੀ ਤਾਂ ਉਸ ਨੂੰ ਕੰਧ ਦੇ ਪਿੱਛੋਂ ਲਾਸ਼ ਬਰਾਮਦ ਹੋਈ। ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਕੱਚਾ ਪੱਕਾ ਦੀ ਪੁਲਿਸ ਮੌਕੇ ’ਤੇ ਪਹੁੰਚੀ। ਫਿਲਹਾਲ ਪੁਲਿਸ ਨੇ ਮ੍ਰਿਤਕਾ ਦੀ ਮਾਂ ਦੇ ਬਿਆਨਾਂ ਦੇ ਆਧਾਰ ’ਤੇ ਮੁਲਜ਼ਮ ਸਹੁਰੇ ਨੂੰ ਗ੍ਰਿਫ਼ਤਾਰ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਮਾਮਲਾ ਤਰਨਤਾਰਨ ਦੇ ਪਿੰਡ ਬੂਆ ਪੱਤੀ ਦਾ ਹੈ। ਮ੍ਰਿਤਕਾ ਦੀ ਪਛਾਣ ਅਮਨਦੀਪ ਕੌਰ ਵਜੋਂ ਹੋਈ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਉਸ ਦੀ ਮਾਂ ਪਰਮਜੀਤ ਕੌਰ ਪੰਮੀ ਨੇ ਦੱਸਿਆ ਕਿ ਉਹ ਰੋਜ਼ ਦੀ ਤਰ੍ਹਾਂ ਬੁੱਧਵਾਰ ਦੇਰ ਸ਼ਾਮ ਆਪਣੀ ਧੀ ਦੇ ਘਰ ਪਹੁੰਚੀ ਸੀ। ਉਸ ਸਮੇਂ ਘਰ ਵਿੱਚ ਧੀ ਦਾ ਸਹੁਰਾ ਬਲਵਿੰਦਰ ਸਿੰਘ ਮੌਜੂਦ ਸੀ।
ਬੇਟੀ ਬਾਰੇ ਪੁੱਛਣ ’ਤੇ ਬਲਵਿੰਦਰ ਸਿੰਘ ਨੇ ਕਿਹਾ ਕਿ ਉਸ ਨੂੰ ਅਮਨਦੀਪ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਸ ਤੋਂ ਬਾਅਦ ਪਰਮਜੀਤ ਕੌਰ ਨੇ ਘਰ ਦੇ ਵੱਖ-ਵੱਖ ਕਮਰਿਆਂ ਵਿੱਚ ਧੀ ਦੀ ਭਾਲ ਕੀਤੀ, ਪਰ ਉਹ ਨਹੀਂ ਮਿਲੀ। ਇਸ ਦੌਰਾਨ ਅਮਨਦੀਪ ਦਾ ਪਤੀ ਸੰਤੋਸ਼ ਸਿੰਘ ਵੀ ਕੰਮ ਤੋਂ ਘਰ ਪਹੁੰਚ ਗਿਆ ਅਤੇ ਉਹ ਆਪਣੀ ਪਤਨੀ ਦੀ ਭਾਲ ਲਈ ਬਾਹਰ ਚਲਾ ਗਿਆ। ਅਮਨਦੀਪ ਦੀ ਮਾਂ ਨੇ ਮੁੜ ਘਰ ਦੇ ਕਮਰਿਆਂ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ।
ਇਸੇ ਦੌਰਾਨ ਪੇਟੀਆਂ ਵਾਲੇ ਕਮਰੇ ਵਿੱਚ ਬਣੀ ਛੋਟੀ ਕੰਧ ਦੇ ਪਿੱਛੇ ਉਸ ਨੂੰ ਪਲਾਸਟਿਕ ਅਤੇ ਤਿਰਪਾਲ ਵਿੱਚ ਲਪੇਟੀ ਅਮਨਦੀਪ ਕੌਰ ਦੀ ਲਾਸ਼ ਨਜ਼ਰ ਆਈ। ਰੌਲਾ ਪਾਉਣ ’ਤੇ ਬਲਵਿੰਦਰ ਸਿੰਘ ਨੇ ਕਥਿਤ ਤੌਰ ’ਤੇ ਦੱਸਿਆ ਕਿ ਅਮਨਦੀਪ ਨਾਲ ਉਸ ਦਾ ਝਗੜਾ ਹੋਇਆ ਸੀ ਅਤੇ ਗੁੱਸੇ ਵਿੱਚ ਉਸ ਨੇ ਉਸ ਦਾ ਗਲਾ ਘੁੱਟ ਦਿੱਤਾ। ਇਸ ਤੋਂ ਬਾਅਦ ਉਹ ਘਰੋਂ ਬਾਹਰ ਭੱਜ ਗਿਆ। ਮ੍ਰਿਤਕਾ ਦੀ ਮਾਂ ਨੇ ਆਰੋਪ ਲਗਾਇਆ ਕਿ ਜਦੋਂ ਵੀ ਉਸ ਦਾ ਜਵਾਈ ਕੰਮ ’ਤੇ ਜਾਂਦਾ ਸੀ ਤਾਂ ਬਲਵਿੰਦਰ ਸਿੰਘ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਅਮਨਦੀਪ ਨਾਲ ਝਗੜਾ ਕਰਦਾ ਸੀ।
ਥਾਣਾ ਕੱਚਾ ਪੱਕਾ ਦੇ ਇੰਚਾਰਜ ਸਬ-ਇੰਸਪੈਕਟਰ ਕਿਰਪਾਲ ਸਿੰਘ ਨੇ ਦੱਸਿਆ ਕਿ ਪਰਮਜੀਤ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਬਲਵਿੰਦਰ ਸਿੰਘ ਉਰਫ਼ ਬਿੰਦਰ ਨੂੰ ਨਾਮਜ਼ਦ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।
EDITED BY- HARLEEN KAUR




