टॉप न्यूज़

ਸ਼੍ਰੋਮਣੀ ਅਕਾਲੀ ਦਲ ਦੀਆਂ ਚੋਣ ਤਿਆਰੀਆਂ ਤੇਜ਼

6 ਅਕਤੂਬਰ ਤੋਂ ਘਰ-ਘਰ ਪ੍ਰਚਾਰ, 10 ਨਵੰਬਰ ਤੋਂ ਬੱਸ ਯਾਤਰਾ

ਸ਼੍ਰੋਮਣੀ ਅਕਾਲੀ ਦਲ ਨੇ ਆਉਂਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਪਣੀਆਂ ਸਿਆਸੀ ਸਰਗਰਮੀਆਂ ਤੇਜ਼ ਕਰਨ ਦਾ ਐਲਾਨ ਕੀਤਾ ਹੈ। ਪਾਰਟੀ ਵੱਲੋਂ 6 ਅਕਤੂਬਰ ਤੋਂ ਘਰ-ਘਰ ਪ੍ਰਚਾਰ ਮੁਹਿੰਮ ਸ਼ੁਰੂ ਕੀਤੀ ਜਾਵੇਗੀ, ਜਦਕਿ 10 ਨਵੰਬਰ ਤੋਂ ਤਲਵੰਡੀ ਸਾਬੋ ਤੋਂ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਬੱਸ ਯਾਤਰਾ ਸ਼ੁਰੂ ਹੋਵੇਗੀ।
ਪਾਰਟੀ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਅਤੇ ਡਾ. ਦਲਜੀਤ ਸਿੰਘ ਚੀਮਾ ਨੇ ਪ੍ਰੈਸ ਕਾਨਫਰੰਸ ਦੌਰਾਨ ਇਹ ਐਲਾਨ ਕੀਤੇ। ਉਨ੍ਹਾਂ ਦੱਸਿਆ ਕਿ ਇਹ ਫੈਸਲੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਹੋਈ ਹਲਕਾ ਇੰਚਾਰਜਾਂ ਅਤੇ ਆਬਜ਼ਰਵਰਾਂ ਦੀ ਮੀਟਿੰਗ ਵਿੱਚ ਲਏ ਗਏ ਹਨ।
6 ਅਕਤੂਬਰ ਤੋਂ ਘਰ-ਘਰ ਪ੍ਰਚਾਰ ਮੁਹਿੰਮ

ਸ਼੍ਰੋਮਣੀ ਅਕਾਲੀ ਦਲ ਦੀ ਘਰ-ਘਰ ਪ੍ਰਚਾਰ ਮੁਹਿੰਮ 6 ਅਕਤੂਬਰ ਤੋਂ ਅਟਾਰੀ ਤੋਂ ਸ਼ੁਰੂ ਹੋਵੇਗੀ। ਪਾਰਟੀ ਮੁਤਾਬਕ ਇਹ ਮੁਹਿੰਮ ਪੰਜਾਬ ਦੇ ਸਾਰੇ ਵਿਧਾਨ ਸਭਾ ਹਲਕਿਆਂ ਤੱਕ ਪਹੁੰਚਾਈ ਜਾਵੇਗੀ। ਇਸ ਮੁਹਿੰਮ ਦੌਰਾਨ ਲੋਕਾਂ ਤੋਂ ਉਨ੍ਹਾਂ ਦੀ ਰਾਇ ਅਤੇ ਸੁਝਾਅ ਲਏ ਜਾਣਗੇ ਕਿ ਪਾਰਟੀ ਦੇ ਆਉਣ ਵਾਲੇ ਚੋਣ ਮਨੋਰਥ ਪੱਤਰ ਵਿੱਚ ਕਿਹੜੇ ਮੁੱਦਿਆਂ ਨੂੰ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਪਾਰਟੀ ਵੱਲੋਂ ਦੱਸਿਆ ਗਿਆ ਹੈ ਕਿ ਇਹ ਸਾਰੀ ਪ੍ਰਕਿਰਿਆ 25 ਅਕਤੂਬਰ ਤੱਕ ਪੂਰੀ ਕੀਤੀ ਜਾਵੇਗੀ।
1 ਨਵੰਬਰ ਨੂੰ ਜਾਰੀ ਹੋਵੇਗਾ ਚੋਣ ਮਨੋਰਥ ਪੱਤਰ

ਅਕਾਲੀ ਦਲ ਵੱਲੋਂ ਲੋਕਾਂ ਤੋਂ ਮਿਲਣ ਵਾਲੇ ਸੁਝਾਵਾਂ ਦੇ ਆਧਾਰ ’ਤੇ ਚੋਣ ਮਨੋਰਥ ਪੱਤਰ ਤਿਆਰ ਕੀਤਾ ਜਾਵੇਗਾ। ਪਾਰਟੀ ਨੇ ਇਸ ਨੂੰ 1 ਨਵੰਬਰ ਨੂੰ ਜਾਰੀ ਕਰਨ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਚੋਣ ਮਨੋਰਥ ਪੱਤਰ ਕਮੇਟੀ ਵੱਲੋਂ ਪਾਰਟੀ ਦੇ ਅਨੁਸੂਚਿਤ ਜਾਤੀ ਅਤੇ ਪਛੜੀਆਂ ਸ਼੍ਰੇਣੀਆਂ ਦੇ ਵਿੰਗਾਂ ਤੋਂ ਸੁਝਾਅ ਲਏ ਜਾ ਚੁੱਕੇ ਹਨ। ਕਮੇਟੀ ਵੱਲੋਂ ਕਿਸਾਨਾਂ, ਵਪਾਰੀਆਂ, ਨੌਜਵਾਨਾਂ ਅਤੇ ਸਰਕਾਰੀ ਮੁਲਾਜ਼ਮਾਂ ਨਾਲ ਵੀ ਮੀਟਿੰਗਾਂ ਦਾ ਸਿਲਸਿਲਾ ਜਾਰੀ ਰੱਖਣ ਦੀ ਗੱਲ ਕਹੀ ਗਈ ਹੈ।
10 ਨਵੰਬਰ ਤੋਂ ਸੁਖਬੀਰ ਬਾਦਲ ਦੀ ਬੱਸ ਯਾਤਰਾ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਬੱਸ ਯਾਤਰਾ 10 ਨਵੰਬਰ ਨੂੰ ਤਲਵੰਡੀ ਸਾਬੋ ਤੋਂ ਸ਼ੁਰੂ ਹੋਵੇਗੀ। ਪਾਰਟੀ ਆਗੂਆਂ ਮੁਤਾਬਕ ਇਸ ਦੌਰਾਨ ਸੁਖਬੀਰ ਬਾਦਲ ਰੋਜ਼ਾਨਾ 2 ਤੋਂ 3 ਵਿਧਾਨ ਸਭਾ ਹਲਕਿਆਂ ਨੂੰ ਕਵਰ ਕਰਨਗੇ। ਇਸ ਯਾਤਰਾ ਨੂੰ ਪਾਰਟੀ ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਸਬੰਧੀ ਜਨ ਸੰਪਰਕ ਮੁਹਿੰਮ ਦੇ ਇੱਕ ਅਹਿਮ ਹਿੱਸੇ ਵਜੋਂ ਦੱਸਿਆ ਗਿਆ ਹੈ।
5 ਅਕਤੂਬਰ ਤੋਂ ‘ਮਾਵਾਂ ਧੀਆਂ ਦੀ ਲਲਕਾਰ’ ਮੁਹਿੰਮ

ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਵੱਲੋਂ 5 ਅਕਤੂਬਰ ਨੂੰ ਸ੍ਰੀ ਮੁਕਤਸਰ ਸਾਹਿਬ ਤੋਂ ਨਸ਼ਾ ਵਿਰੋਧੀ ਮਹਿਲਾ ਮੁਹਿੰਮ ‘ਮਾਵਾਂ ਧੀਆਂ ਦਾ ਸਤਿਕਾਰ’ ਦਾ ਦੂਜਾ ਪੜਾਅ ਸ਼ੁਰੂ ਕੀਤਾ ਜਾਵੇਗਾ। ਇਸ ਪੜਾਅ ਦਾ ਨਾਮ ‘ਮਾਵਾਂ ਧੀਆਂ ਦੀ ਲਲਕਾਰ, ਬੰਦ ਕਰੋ ਨਸ਼ਾ ਵਪਾਰ’ ਰੱਖਿਆ ਗਿਆ ਹੈ। ਪਾਰਟੀ ਮੁਤਾਬਕ ਇਹ ਮੁਹਿੰਮ ਸੂਬੇ ਦੇ ਹਰ ਘਰ ਤੱਕ ਪਹੁੰਚਾਉਣ ਦਾ ਟੀਚਾ ਰੱਖਿਆ ਗਿਆ ਹੈ।
8 ਦਸੰਬਰ ਨੂੰ ਕਿੱਲੀ ਚਾਹਲਾਂ ਵਿੱਚ ਵੱਡੀ ਰੈਲੀ

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜਨਮ ਦਿਹਾੜੇ ਮੌਕੇ 8 ਦਸੰਬਰ ਨੂੰ ਮੋਗਾ ਦੇ ਪਿੰਡ ਕਿੱਲੀ ਚਾਹਲਾਂ ਵਿੱਚ ਵਿਸ਼ਾਲ ਜਨਤਕ ਰੈਲੀ ਕਰਨ ਦਾ ਵੀ ਐਲਾਨ ਕੀਤਾ ਗਿਆ ਹੈ।
EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!