ਪੰਜਾਬੀ ਕਲਾਕਾਰ ਗੁਰਪ੍ਰੀਤ ਘੁੱਗੀ ਨੇ 5 ਕਰੋੜ ਰੁਪਏ ਦੇ ਵਿਵਾਦ ‘ਤੇ ਤੋੜੀ ਚੁੱਪੀ
ਸਾਈਬਰ ਕ੍ਰਾਈਮ ਨੂੰ ਦਿੱਤੀ ਸ਼ਿਕਾਇਤ

ਪੰਜਾਬੀ ਕਲਾਕਾਰ ਗੁਰਪ੍ਰੀਤ ਘੁੱਗੀ ਨੇ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਚੱਲ ਰਹੇ ਵਿਵਾਦ ਅਤੇ ਕਿਰਦਾਰ ਕੁਸ਼ੀ ਦੇ ਮਾਮਲੇ ‘ਤੇ ਆਪਣੀ ਚੁੱਪੀ ਤੋੜਦਿਆਂ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਗੁਰਪ੍ਰੀਤ ਘੁੱਗੀ ਦਾ ਕਹਿਣਾ ਹੈ ਕਿ ਇਸ ਨੂੰ ਲੈ ਕੇ ਅਸੀਂ ਪੰਜਾਬ ਪੁਲਿਸ ਦੇ ਸਾਈਬਰ ਸੈੱਲ ਨੂੰ ਸੂਚਿਤ ਕਰ ਦਿੱਤਾ ਹੈ। ਸਾਈਬਰ ਸੈੱਲ ਵਲੋਂ ਜਾਂਚ ਕੀਤੀ ਜਾ ਰਹੀ ਹੈ। ਜੇ ਲੋੜ ਲਈ ਤਾਂ ਅਸੀਂ ਅਦਾਲਤ ਦਾ ਦਰਵਾਜ਼ਾ ਖੜਕਾਵਾਂਗੇ।
ਉਨ੍ਹਾਂ ਕਿਹਾ ਕਿ ਜਿਨ੍ਹਾਂ ਕਲਾਕਾਰਾਂ ਨਾਲ ਉਹ ਪਿਛਲੇ 30-35 ਸਾਲਾਂ ਤੋਂ ਇੰਡਸਟਰੀ ਵਿੱਚ ਕੰਮ ਕਰ ਰਹੇ ਸਨ, ਉਨ੍ਹਾਂ ਵੱਲੋਂ ਹੀ ਹੁਣ ਰੰਜਿਸ਼ ਕੱਢੀ ਜਾ ਰਹੀ ਹੈ ਅਤੇ ਕੁਝ ਲੋਕਾਂ ਦੀਆਂ ਹਰਕਤਾਂ ਉਨ੍ਹਾਂ ਦੀ ਛਵੀ ਨੂੰ ਨੁਕਸਾਨ ਨਹੀਂ ਪਹੁੰਚਾ ਸਕਦੀਆਂ। ਇਸ ਨੂੰ ਲੈ ਕੇ ਮੇਰਾ ਪਰਿਵਾਰ ਅਤੇ ਮੇਰੇ ਚਾਹੁਣ ਵਾਲੇ ਮੇਰੇ ਨਾਲ ਖੜੇ ਹਨ। ਸੋਸ਼ਲ ਮੀਡੀਆ ‘ਤੇ ਅਜਿਹੀਆਂ ਕੋਝੀਆਂ ਹਰਕਤਾਂ ਕਰਨ ਵਾਲੇ ਮੇਰਾ ਮਾਣ ਨਹੀਂ ਖੋਹ ਸਕਦੇ ।
ਉਨ੍ਹਾਂ ਦੱਸਿਆ ਕਿ ਕੁਝ ਯੂਥ ਅਤੇ ਸੋਸ਼ਲ ਮੀਡੀਆ ਪੇਜਾਂ ਵੱਲੋਂ ਪੈਸੇ ਲੈ ਕੇ ਗਲਤ ਸਮੱਗਰੀ ਸ਼ੇਅਰ ਕੀਤੀ ਗਈ, ਹਾਲਾਂਕਿ ਕਈ ਨੌਜਵਾਨਾਂ ਨੇ ਬਾਅਦ ਵਿੱਚ ਆਪਣੀ ਗਲਤੀ ਮੰਨਦੇ ਹੋਏ ਮਾਫ਼ੀ ਵੀ ਮੰਗੀ। ਉਨ੍ਹਾਂ ਕਿਹਾ ਕਿ ਅਜਿਹੇ ਮਾਮਲਿਆਂ ਵਿੱਚ ਸਭ ਤੋਂ ਵੱਧ ਨੁਕਸਾਨ ਉਸ ਵਿਅਕਤੀ ਨੂੰ ਹੁੰਦਾ ਹੈ ,ਜਿਸਦਾ ਨਾਮ ਜੋੜਿਆ ਜਾਂਦਾ ਹੈ, ਖ਼ਾਸ ਕਰਕੇ ਜਦੋਂ ਗੱਲ ਕਿਸੇ ਨਵੀਂ ਲੜਕੀ ਦੇ ਕਰੀਅਰ ਨਾਲ ਜੁੜੀ ਹੋਵੇ।
ਗੁਰਪ੍ਰੀਤ ਘੁੱਗੀ ਨੇ ਕਿਹਾ ਕਿ ਕੁਝ ਲੋਕ ਸੋਸ਼ਲ ਮੀਡੀਆ ਦਾ ਗਲਤ ਇਸਤੇਮਾਲ ਕਰਦੇ ਹੋਏ ਬੇਬੁਨਿਆਦ ਅਤੇ ਭੜਕਾਊ ਗੱਲਾਂ ਫੈਲਾ ਰਹੇ ਹਨ, ਜਿਸ ਨਾਲ ਨਾ ਸਿਰਫ਼ ਵਿਅਕਤੀਗਤ ਛਵੀ ਨੂੰ ਨੁਕਸਾਨ ਪਹੁੰਚਦਾ ਹੈ, ਸਗੋਂ ਸਮਾਜ ‘ਤੇ ਵੀ ਨਕਾਰਾਤਮਕ ਅਸਰ ਪੈਂਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇੱਕ ਵੱਡੀ ਪੰਜਾਬੀ ਕੰਪਨੀ ਵੱਲੋਂ ਪੈਸੇ ਦੇ ਕੇ “ਪੇਡ ਪ੍ਰਮੋਸ਼ਨ” ਕਰਵਾਇਆ ਜਾ ਰਿਹਾ ਹੈ ਤਾਂ ਜੋ ਉਨ੍ਹਾਂ ਦੀ ਇਮੇਜ ਨੂੰ ਖਰਾਬ ਕੀਤਾ ਜਾ ਸਕੇ।
EDITED BY- HARLEEN KAUR




