ਪੰਜਾਬ ‘ਚ ਭੱਖਦੀ ਗਰਮੀ ਵਿਚਾਲੇ ਬਦਲੇਗਾ ਸਕੂਲਾਂ ਦਾ ਟਾਈਮ?
ਅਸਮਾਨੋਂ ਵਰ੍ਹਦੀ ਅੱਗ ਕਾਰਨ ਮਾਪਿਆਂ ਅਤੇ ਅਧਿਆਪਕਾਂ ਦੀ ਵਧੀ ਚਿੰਤਾ

ਪੰਜਾਬ ’ਚ ਅਪ੍ਰੈਲ ਮਹੀਨੇ ਗਰਮੀ ਆਪਣਾ ਕਹਿਰ ਦਿਖਾ ਰਹੀ ਹੈ। ਹੀਟਵੇਵ ਦੇ ਚਲਦਿਆਂ ਲੋਕਾਂ ਦਾ ਘਰਾਂ ਤੋਂ ਨਿਕਲਣਾ ਮੁਸ਼ਕਿਲ ਹੋ ਗਿਆ ਹੈ। ਅਸਮਾਨੋਂ ਵਰ੍ਹਦੀ ਅੱਗ ਅਤੇ ਭਿਆਨਕ ਹੀਟ ਵੇਵ (ਲੂ) ਦੇ ਕਹਿਰ ਦਾ ਸਭ ਤੋਂ ਘਾਤਕ ਅਸਰ ਸਕੂਲੀ ਵਿਦਿਆਰਥੀਆਂ ‘ਤੇ ਪੈ ਰਿਹਾ ਹੈ। ਲਗਾਤਾਰ ਵੱਧਦੇ ਤਾਪਮਾਨ ਨੂੰ ਦੇਖਦੇ ਹੋਏ ਸਿੱਖਿਆ ਵਿਭਾਗ ਦੇ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਵੱਲੋਂ ਸੁਰੱਖਿਆ ਸਬੰਧੀ ਹੁਕਮ ਜਾਰੀ ਕੀਤੇ ਗਏ ਹਨ।
ਵਿਭਾਗ ਨੇ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਦੀਆਂ ਗਾਈਡਲਾਈਨਜ਼ ਦਾ ਹਵਾਲਾ ਦਿੰਦੇ ਹੋਏ ਸਾਰੇ ਸਕੂਲਾਂ ਨੂੰ ਹੁਕਮ ਦਿੱਤਾ ਹੈ ਕਿ ਉਹ ਵਿਦਿਆਰਥੀਆਂ ਨੂੰ ਸਵੇਰ ਦੀ ਸਭਾ ਅਤੇ ਕਲਾਸ ਰੂਮ ’ਚ ਲੂ ਤੋਂ ਬਚਾਅ ਦੇ ਪ੍ਰਤੀ ਜਾਗਰੂਕ ਕਰਨ ਪਰ ਧਰਾਤਲ ’ਤੇ ਸਰਕਾਰੀ ਸਕੂਲਾਂ ਦੀ ਸਥਿਤੀ ਬੇਹੱਦ ਚਿੰਤਾਜਨਕ ਬਣੀ ਹੋਈ ਹੈ। ਵੱਧਦੀ ਗਰਮੀ ਅਤੇ ਬੱਚਿਆਂ ਦੀ ਡਿੱਗਦੀ ਸਿਹਤ ਨੂੰ ਦੇਖਦੇ ਹੋਏ ਮਾਪਿਆਂ ਅਤੇ ਅਧਿਆਪਕ ਜੱਥੇਬੰਦੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਕੂਲਾਂ ਦਾ ਸਮਾਂ ਤੁਰੰਤ ਬਦਲਿਆ ਜਾਵੇ। ਮਾਪਿਆਂ ਦੀ ਸਪੱਸ਼ਟ ਮੰਗ ਹੈ ਕਿ ਸਕੂਲਾਂ ਦਾ ਸਮਾਂ ਬਦਲ ਕੇ ਸਵੇਰੇ 7 ਤੋਂ 11 ਵਜੇ ਤੱਕ ਕੀਤਾ ਜਾਵੇ। ਉਨ੍ਹਾਂ ਦਾ ਤਰਕ ਹੈ ਕਿ 11 ਵਜੇ ਤੋਂ ਬਾਅਦ ਧੁੱਪ ਨਾ-ਸਹਿਣਯੋਗ ਹੋ ਜਾਂਦੀ ਹੈ, ਜਿਸ ਕਾਰਨ ਬੱਚਿਆਂ ਦਾ ਪੜ੍ਹਾਈ ’ਚ ਮਨ ਨਹੀਂ ਲੱਗਦਾ ਅਤੇ ਉਹ ਬੀਮਾਰ ਪੈਣ ਲੱਗਦੇ ਹਨ।
ਸ਼ਹਿਰ ਅਤੇ ਦਿਹਾਤੀ ਇਲਾਕਿਆਂ ’ਚ ਲੱਗ ਰਹੇ ਲੰਬੇ-ਲੰਬੇ ਬਿਜਲੀ ਦੇ ਕੱਟਾਂ ਨੇ ਕਲਾਸ ਰੂਮਾਂ ਵਿੱਚ ਬੱਚਿਆਂ ਦਾ ਬੈਠਣਾ ਮੁਸ਼ਕਿਲ ਕਰ ਦਿੱਤਾ ਹੈ। ਇੱਥੇ ਨਿੱਜੀ ਅਤੇ ਸਰਕਾਰੀ ਸਕੂਲਾਂ ਦੇ ਵਿਚਕਾਰ ਦਾ ਫ਼ਰਕ ਸਾਫ਼ ਦਿਖਾਈ ਦਿੰਦਾ ਹੈ। ਨਿੱਜੀ ਸਕੂਲਾਂ ’ਚ ਜਨਰੇਟਰ ਅਤੇ ਭਾਰੀ ਇਨਵਰਟਰ ਦੀ ਸਹੂਲਤ ਹੋਣ ਕਾਰਨ ਬੱਚਿਆਂ ਨੂੰ ਕੁੱਝ ਰਾਹਤ ਮਿਲ ਜਾਂਦੀ ਹੈ ਪਰ ਜ਼ਿਆਦਾਤਰ ਸਰਕਾਰੀ ਸਕੂਲਾਂ ’ਚ ਜਨਰੇਟਰ ਨਾ ਹੋਣ ਕਾਰਨ ਬੱਚੇ ਹੁੰਮਸ ਅਤੇ ਪਸੀਨੇ ’ਚ ਤਪਣ ਲਈ ਮਜ਼ਬੂਰ ਹਨ। ਸਭ ਤੋਂ ਗੰਭੀਰ ਸਮੱਸਿਆ ਪਾਣੀ ਦੀ ਹੈ। ਬਿਜਲੀ ਗੁੱਲ ਹੁੰਦੇ ਹੀ ਸਕੂਲਾਂ ਦੀਆਂ ਮੋਟਰਾਂ ਬੰਦ ਹੋ ਜਾਂਦੀਆਂ ਹਨ, ਜਿਸ ਕਾਰਨ ਬੱਚਿਆਂ ਨੂੰ ਪੀਣ ਦੇ ਪਾਣੀ ਲਈ ਇੱਧਰ-ਓਧਰ ਭਟਕਣਾ ਪੈਂਦਾ ਹੈ।
ਭਿਆਨਕ ਗਰਮੀ ਦਾ ਸਿੱਧਾ ਅਸਰ ਬੱਚਿਆਂ ਦੀ ਸਿਹਤ ਅਤੇ ਸਕੂਲ ’ਚ ਉਨ੍ਹਾਂ ਦੀ ਹਾਜ਼ਰੀ ’ਤੇ ਪੈ ਰਿਹਾ ਹੈ। ਲੁਧਿਆਣਾ ਦੇ ਕਈ ਸਕੂਲਾਂ ’ਚ ਵਿਦਿਆਰਥੀਆਂ ਦੀ ਹਾਜ਼ਰੀ ’ਚ ਗਿਰਾਵਟ ਦਰਜ ਕੀਤੀ ਗਈ ਹੈ। ਡਾਕਟਰ ਦੱਸਦੇ ਹਨ ਕਿ ਬੱਚਿਆਂ ਦਾ ਸਰੀਰ ਜ਼ਿਆਦਾ ਤਾਪਮਾਨ ਝੱਲਣ ਲਈ ਤਿਆਰ ਨਹੀਂ ਹੁੰਦਾ, ਜਿਸ ਕਾਰਨ ਉਹ ਜਲਦੀ ਡੀਹਾਈਡ੍ਰੇਸ਼ਨ ਦਾ ਸ਼ਿਕਾਰ ਹੋ ਰਹੇ ਹਨ।
EDITED BY- HARLEEN KAUR



