
ਖੰਨਾ ਦੇ ਨੇੜਲੇ ਪਿੰਡ ਘਣਗਸ ਦੇ ਇੱਕ ਨੌਜਵਾਨ ਮਹਿਕ ਸਿੰਘ (29) ਦੀ ਅਮਰੀਕਾ ਵਿੱਚ ਮੌਤ ਹੋ ਗਈ ਹੈ। ਉਸਦੇ ਮੌਤ ਦੀ ਖ਼ਬਰ ਨਾਲ ਪਰਿਵਾਰ ਅਤੇ ਪਿੰਡ ਵਿੱਚ ਸੋਗ ਦਾ ਮਾਹੌਲ ਹੈ। 21 ਅਪ੍ਰੈਲ ਦੀ ਰਾਤ ਨੂੰ ਮਹਿਕ ਦੀ ਮੌਤ ਹੋਈ। 22 ਅਪ੍ਰੈਲ ਦੀ ਸਵੇਰ ਨੂੰ ਪਰਿਵਾਰ ਨੂੰ ਫੋਨ ਰਾਹੀਂ ਸੂਚਨਾ ਮਿਲੀ। ਪਰਿਵਾਰ ਕੋਲ ਐਨੇ ਪੈਸੇ ਨਹੀਂ ਹਨ ਕਿ ਮਹਿਕ ਦੀ ਲਾਸ਼ ਭਾਰਤ ਲਿਆ ਕੇ ਜੱਦੀ ਪਿੰਡ ਅੰਤਿਮ ਸਸਕਾਰ ਕਰ ਸਕਣ।
ਮਹਿਕ ਸਿੰਘ ਦੇ ਪਿਤਾ ਉਦੈ ਸਿੰਘ ਨੇ ਦੱਸਿਆ ਕਿ 1 ਅਪ੍ਰੈਲ 2024 ਨੂੰ ਉਹਨਾਂ ਦਾ ਬੇਟਾ ਕੈਨੇਡਾ ਗਿਆ ਸੀ। ਕੁੱਝ ਸਮੇਂ ਮਗਰੋਂ ਮਹਿਕ ਅਮਰੀਕਾ ਚਲਾ ਗਿਆ ਸੀ। ਉਹ ਇੰਡੀਆਨਾ ਅਮਰੀਕਾ ਵਿੱਚ ਇੱਕ ਸਟੋਰ ਵਿੱਚ ਕੰਮ ਕਰਦਾ ਸੀ। ਉਹਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਸਦੀ ਮ੍ਰਿਤਕ ਦੇਹ ਭਾਰਤ ਲਿਆਉਣ ਲਈ ਮਦਦ ਕੀਤੀ ਜਾਵੇ।
ਮ੍ਰਿਤਕ ਦੇ ਪਿਤਾ ਉਦੈ ਸਿੰਘ ਨੇ ਦੱਸਿਆ ਕਿ 15 ਅਪ੍ਰੈਲ ਨੂੰ ਉਹਨਾਂ ਦੀ ਮਹਿਕ ਨਾਲ ਗੱਲਬਾਤ ਹੋਈ ਸੀ। ਉਹ ਬਿਲਕੁਲ ਠੀਕ ਠਾਕ ਸੀ। ਮਹਿਕ ਦੀ ਭੂਆ ਸੁਖਵਿੰਦਰ ਕੌਰ ਨੇ ਦੱਸਿਆ ਕਿ 21 ਅਪ੍ਰੈਲ ਨੂੰ ਮਹਿਕ ਨਾਲ ਗੱਲਬਾਤ ਹੋਈ ਸੀ। ਉਹ ਠੀਕ ਠਾਕ ਸੀ। ਉਸਨੇ ਲਾਇਸੰਸ ਬਣਾਉਣਾ ਸੀ ,ਇਸ ਬਾਰੇ ਗੱਲ ਕਰਦਾ ਸੀ।
ਇਸ ਤੋਂ ਬਾਅਦ ਪਰਿਵਾਰ ਨੂੰ 22 ਅਪ੍ਰੈਲ ਦੀ ਸਵੇਰ ਨੂੰ ਮਹਿਕ ਸਿੰਘ ਦੀ ਮੌਤ ਬਾਰੇ ਫ਼ੋਨ ਆਇਆ। ਦੱਸਿਆ ਜਾ ਰਿਹਾ ਹੈ ਕਿ ਮਹਿਕ ਸਿੰਘ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਇੱਕ ਹੋਰ ਰਿਸ਼ਤੇਦਾਰ ਕੁਲਦੀਪ ਸਿੰਘ ਨੇ ਕਿਹਾ ਕਿ ਸਰਕਾਰ ਨੂੰ ਪਰਿਵਾਰ ਦੀ ਮਦਦ ਕਰਨੀ ਚਾਹੀਦੀ ਹੈ।
ਇਸ ਘਟਨਾ ਤੋਂ ਬਾਅਦ ਪਰਿਵਾਰ ਨੂੰ ਮਹਿਕ ਦੀ ਮ੍ਰਿਤਕ ਦੇਹ ਨੂੰ ਭਾਰਤ ਵਾਪਸ ਲਿਆਉਣ ਦੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਪਣੀ ਵਿੱਤੀ ਮੁਸ਼ਕਲਾਂ ਕਾਰਨ ਉਹ ਲਾਸ਼ ਨੂੰ ਵਾਪਸ ਲਿਆਉਣ ਦਾ ਖਰਚਾ ਚੁੱਕਣ ਤੋਂ ਅਸਮਰੱਥ ਹਨ। ਪਰਿਵਾਰ ਚਾਹੁੰਦਾ ਹੈ ਕਿ ਮਹਿਕ ਦਾ ਅੰਤਿਮ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਵਿੱਚ ਕੀਤਾ ਜਾਵੇ। ਪਰਿਵਾਰ ਨੇ ਪੰਜਾਬ ਅਤੇ ਕੇਂਦਰ ਸਰਕਾਰਾਂ ਨੂੰ ਸਹਾਇਤਾ ਦੀ ਅਪੀਲ ਕੀਤੀ ਹੈ।
EDITED BY- HARLEEN KAUR



