
ਹੁਸ਼ਿਆਰਪੁਰ ਦੇ ਖੁਰਾਲਗੜ੍ਹ ਜੰਗਲ ਵਿੱਚ ਸੂਟਕੇਸ ਵਿੱਚੋਂ 14 ਸਾਲਾ ਲੜਕੀ ਦੀ ਸੜੀ ਹੋਈ ਲਾਸ਼ ਮਿਲਣ ਦੇ ਮਾਮਲੇ ਵਿੱਚ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਹੈ। ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਲੜਕੀ ਦੀ ਹੱਤਿਆ ਉਸ ਦੀ ਮਾਂ ਦੇ ਲਿਵ-ਇਨ ਪਾਰਟਨਰ ਨੇ ਕੀਤੀ ਸੀ। ਮੁਲਜ਼ਮ ਦਾ ਦਾਅਵਾ ਹੈ ਕਿ ਉਸ ਨੂੰ ਲੜਕੀ ਦਾ ਮੁੰਡਿਆਂ ਨਾਲ ਮਿਲਣਾ-ਜੁਲਣਾ ਪਸੰਦ ਨਹੀਂ ਸੀ। ਜਦੋਂ ਉਹ ਇਸ ਗੱਲ ਨੂੰ ਲੈ ਕੇ ਉਸ ਨੂੰ ਰੋਕਦਾ-ਟੋਕਦਾ ਸੀ ਤਾਂ ਲੜਕੀ ਉਸ ਦੀ ਮਾਂ ਨਾਲ ਉਸਦੇ ਰਿਸ਼ਤੇ ਬਾਰੇ ਸਭ ਨੂੰ ਦੱਸਣ ਦੀ ਧਮਕੀ ਦਿੰਦੀ ਸੀ।
ਇਸ ਗੱਲ ਤੋਂ ਨਾਰਾਜ਼ ਹੋ ਕੇ ਮੁਲਜ਼ਮ ਨੇ ਪਹਿਲਾਂ ਲੜਕੀ ਦਾ ਗਲਾ ਘੁੱਟ ਕੇ ਕਤਲ ਕੀਤਾ ਅਤੇ ਬਾਅਦ ਵਿੱਚ ਲਾਸ਼ ਨੂੰ ਸੂਟਕੇਸ ਵਿੱਚ ਪਾ ਕੇ ਖੁਰਾਲਗੜ੍ਹ ਦੇ ਜੰਗਲ ਵਿੱਚ ਲੈ ਗਿਆ, ਜਿੱਥੇ ਉਸ ਨੇ ਉਸ ਨੂੰ ਅੱਗ ਲਗਾ ਦਿੱਤੀ। ਪੁਲਿਸ ਨੇ ਸੀਸੀਟੀਵੀ ਫੁਟੇਜ ਅਤੇ ਪੁੱਛਗਿੱਛ ਦੇ ਆਧਾਰ ‘ਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਅਨੁਸਾਰ ਮੁਲਜ਼ਮ ਅਤੇ ਮ੍ਰਿਤਕਾ ਦੀ ਮਾਂ ਪਿਛਲੇ ਦੋ ਸਾਲਾਂ ਤੋਂ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿ ਰਹੇ ਸਨ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਹੱਤਿਆ ਦੀ ਗੱਲ ਕਬੂਲ ਕਰ ਲਈ ਹੈ।
ਲੜਕੀ ਦੀ ਮਾਂ ਊਸ਼ਾ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਦੀ ਧੀ ਰਾਧਿਕਾ ਨੂੰ ਕੋਈ ਨੌਜਵਾਨ ਬਹਲਾ-ਫੁਸਲਾ ਕੇ ਲੈ ਗਿਆ ਹੈ। ਰਾਧਿਕਾ 10ਵੀਂ ਜਮਾਤ ਦੀ ਵਿਦਿਆਰਥਣ ਸੀ। ਸ਼ਿਕਾਇਤ ਦੇ ਆਧਾਰ ‘ਤੇ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਅਤੇ ਸ਼ੱਕੀ ਨੌਜਵਾਨਾਂ ਤੋਂ ਪੁੱਛਗਿੱਛ ਕੀਤੀ।
ਨਵਾਂਸ਼ਹਿਰ ਸਿਟੀ ਥਾਣੇ ਦੇ ਮੁਖੀ ਅਵਤਾਰ ਸਿੰਘ ਨੇ ਦੱਸਿਆ ਕਿ ਐਸਬੀਐਸ ਨਗਰ ਦੇ ਪਿੰਡ ਜਾਡਲੀ ਦਾ ਰਹਿਣ ਵਾਲਾ ਗੁਰਵਿੰਦਰ ਸਿੰਘ ਅਤੇ ਮ੍ਰਿਤਕਾ ਦੀ ਮਾਂ ਊਸ਼ਾ ਪਿਛਲੇ ਦੋ ਸਾਲਾਂ ਤੋਂ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿ ਰਹੇ ਸਨ। ਔਰਤ ਤਲਾਕਸ਼ੁਦਾ ਹੈ। ਮੁਲਜ਼ਮ ਦੁਬਈ ਤੋਂ ਵਾਪਸ ਆਉਣ ਤੋਂ ਬਾਅਦ ਉਸ ਦੇ ਸੰਪਰਕ ਵਿੱਚ ਆਇਆ ਸੀ। ਦੋਵੇਂ ਨਵਾਂਸ਼ਹਿਰ ਵਿੱਚ ਕਿਰਾਏ ਦੇ ਮਕਾਨ ਵਿੱਚ ਇਕੱਠੇ ਰਹਿ ਰਹੇ ਸਨ।
EDITED BY- HARLEEN KAUR



