
ਗਰਮੀ ਦੇ ਮੌਸਮ ਵਿੱਚ ਤਾਪਮਾਨ ਲਗਾਤਾਰ ਵਧਣ ਨਾਲ ਲੋਕਾਂ ਨੂੰ ਕਈ ਸਿਹਤ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖ਼ਾਸ ਕਰਕੇ ਸਰੀਰ ਵਿੱਚ ਪਾਣੀ ਦੀ ਕਮੀ, ਜਿਸਨੂੰ ਡਿਹਾਈਡ੍ਰੇਸ਼ਨ ਕਿਹਾ ਜਾਂਦਾ ਹੈ, ਤੇਜ਼ ਗਰਮੀ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਬਣ ਜਾਂਦੀ ਹੈ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਸਾਵਧਾਨੀ ਨਾ ਵਰਤੀ ਜਾਵੇ ਤਾਂ ਇਹ ਸਮੱਸਿਆ ਸਰੀਰ ਨੂੰ ਕਾਫ਼ੀ ਨੁਕਸਾਨ ਪਹੁੰਚਾ ਸਕਦੀ ਹੈ। ਵਧਦੇ ਤਾਪਮਾਨ ਕਾਰਨ ਸਰੀਰ ਵਿਚੋਂ ਪਸੀਨੇ ਰਾਹੀਂ ਪਾਣੀ ਦੀ ਮਾਤਰਾ ਤੇਜ਼ੀ ਨਾਲ ਘਟਦੀ ਹੈ, ਜਿਸ ਕਾਰਨ ਡਿਹਾਈਡ੍ਰੇਸ਼ਨ ਦਾ ਖ਼ਤਰਾ ਕਾਫ਼ੀ ਵੱਧ ਜਾਂਦਾ ਹੈ।
ਹਰ ਵਿਅਕਤੀ ਨੂੰ ਦਿਨ ਭਰ ਦੌਰਾਨ ਭਰਪੂਰ ਮਾਤਰਾ ਵਿੱਚ ਪਾਣੀ ਪੀਣਾ ਚਾਹੀਦਾ ਹੈ। ਕਈ ਲੋਕ ਸਿਰਫ਼ ਪਿਆਸ ਲੱਗਣ ’ਤੇ ਹੀ ਪਾਣੀ ਪੀਂਦੇ ਹਨ, ਪਰ ਇਹ ਆਦਤ ਸਿਹਤ ਲਈ ਠੀਕ ਨਹੀਂ ਮੰਨੀ ਜਾਂਦੀ। ਉਨ੍ਹਾਂ ਸਲਾਹ ਦਿੱਤੀ ਕਿ ਪਿਆਸ ਲੱਗਣ ਦੀ ਉਡੀਕ ਕਰਨ ਦੀ ਬਜਾਏ ਨਿਯਮਿਤ ਅੰਤਰਾਲ ’ਤੇ ਪਾਣੀ ਦਾ ਸੇਵਨ ਕਰਨਾ ਚਾਹੀਦਾ ਹੈ, ਤਾਂ ਜੋ ਸਰੀਰ ਵਿੱਚ ਪਾਣੀ ਦਾ ਸੰਤੁਲਨ ਬਣਿਆ ਰਹੇ।
ਸਿਰਫ਼ ਪਾਣੀ ਹੀ ਨਹੀਂ, ਸਗੋਂ ਕੁਦਰਤੀ ਤਰਲ ਪਦਾਰਥ ਵੀ ਸਰੀਰ ਨੂੰ ਹਾਈਡ੍ਰੇਟ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਨਾਰੀਅਲ ਪਾਣੀ, ਨਿੰਬੂ ਪਾਣੀ, ਤਾਜ਼ੇ ਫਲਾਂ ਦਾ ਰਸ, ਛਾਛ ਅਤੇ ਹੋਰ ਕੁਦਰਤੀ ਪੇਅ ਪਦਾਰਥ ਗਰਮੀ ਦੌਰਾਨ ਸਰੀਰ ਨੂੰ ਊਰਜਾ ਅਤੇ ਤਾਜ਼ਗੀ ਪ੍ਰਦਾਨ ਕਰਦੇ ਹਨ।
ਡਾਕਟਰ ਮੁਤਾਬਕ ਤਰਬੂਜ਼, ਖਰਬੂਜ਼ਾ, ਖੀਰਾ, ਕੱਕੜੀ ਅਤੇ ਸੰਤਰਾ ਵਰਗੇ ਫਲ ਨਾ ਸਿਰਫ਼ ਸਰੀਰ ਵਿੱਚ ਪਾਣੀ ਦੀ ਘਾਟ ਨੂੰ ਪੂਰਾ ਕਰਦੇ ਹਨ, ਸਗੋਂ ਕਈ ਜ਼ਰੂਰੀ ਪੋਸ਼ਕ ਤੱਤ ਵੀ ਮੁਹੱਈਆ ਕਰਵਾਉਂਦੇ ਹਨ ਜੋ ਸਰੀਰ ਨੂੰ ਗਰਮੀ ਦੇ ਮਾੜੇ ਪ੍ਰਭਾਵਾਂ ਤੋਂ ਬਚਾਉਣ ਵਿੱਚ ਮਦਦਗਾਰ ਸਾਬਤ ਹੁੰਦੇ ਹਨ।
ਗਰਮੀ ਦੇ ਇਸ ਮੌਸਮ ਵਿੱਚ ਥੋੜ੍ਹੀ ਜਿਹੀ ਸਾਵਧਾਨੀ ਵੀ ਵੱਡੀਆਂ ਸਿਹਤ ਸਮੱਸਿਆਵਾਂ ਤੋਂ ਬਚਾ ਸਕਦੀ ਹੈ। ਇਸ ਲਈ ਆਪਣੇ ਰੋਜ਼ਾਨਾ ਦੇ ਰੁਟੀਨ ਵਿੱਚ ਪਾਣੀ ਅਤੇ ਤਰਲ ਪਦਾਰਥਾਂ ਨੂੰ ਤਰਜੀਹ ਦੇਣਾ ਸਮੇਂ ਦੀ ਲੋੜ ਹੈ।
EDITED BY- HARLEEN KAUR




