
ਸ੍ਰੀ ਫਤਿਹਗੜ੍ਹ ਸਾਹਿਬ ਦੇ ਪਿੰਡ ਖਨਿਆਣ ਵਿੱਚ ਘਰ ਦੇ ਅੰਦਰ ਰੱਖੀ ਜਾਣ ਵਾਲੀ ਦਵਾਈ ਦੇ ਪ੍ਰਭਾਵ ਵਿੱਚ ਆਉਣ ਨਾਲ ਦੋ ਮਾਸੂਮ ਬੱਚਿਆਂ ਦੀ ਮੌਤ ਹੋ ਗਈ। ਜਦਕਿ ਤਿੰਨ ਹੋਰ ਲੋਕਾਂ ਨੂੰ ਗੰਭੀਰ ਹਾਲਤ ਕਾਰਨ ਚੰਡੀਗੜ੍ਹ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਜਾਣਕਾਰੀ ਮੁਤਾਬਕ, ਤੇਜ਼ ਗਰਮੀ ਕਰਕੇ ਦੋਵੇਂ ਭਰਾਵਾਂ ਦੇ ਪਰਿਵਾਰ ਏਅਰ ਕੰਡੀਸ਼ਨਰ ਚਾਲੂ ਰੱਖ ਕੇ ਸੁੱਤੇ ਹੋਏ ਸਨ। ਜਿਸ ਕਮਰੇ ਵਿੱਚ ਉਹ ਸੌਂ ਰਹੇ ਸਨ, ਉਸ ਦੇ ਕੋਲ ਬਣੇ ਸਟੋਰ ਵਿੱਚ ਕਣਕ ਦਾ ਡਰੱਮ ਰੱਖਿਆ ਹੋਇਆ ਸੀ, ਜਿਸ ਵਿੱਚ ਕੀਟਨਾਸ਼ਕ ਦਵਾਈ ਪਾਈ ਹੋਈ ਸੀ। ਅਮਲੋਹ ਥਾਣੇ ਦੇ ਜਾਂਚ ਅਧਿਕਾਰੀ, ਏਐਸਆਈ ਜਸਵੀਰ ਸਿੰਘ ਨੇ ਦੱਸਿਆ ਕਿ 20 ਜੁਲਾਈ ਨੂੰ ਇੱਕ 13 ਦਿਨਾਂ ਦੀ ਬੱਚੀ ਦੀ ਮੌਤ ਹੋ ਗਈ ਸੀ, ਜਦੋਂ ਕਿ ਜਤਿੰਦਰ ਸਿੰਘ ਦੇ ਪੁੱਤਰ 4 ਸਾਲਾ ਮਨਰਾਜ ਸਿੰਘ ਦੀ ਵੀ ਅੱਜ ਮੌਤ ਹੋ ਗਈ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਐਸਡੀਐਮ ਅਮਲੋਹ ਹਰਵੀਰ ਕੌਰ ਬਰਾੜ, ਡਿਪਟੀ ਤਹਿਸੀਲਦਾਰ ਮੰਡੀ ਗੋਬਿੰਦਗੜ੍ਹ ਕਰਮਜੀਤ ਸਿੰਘ ਅਤੇ ਪੁਲਿਸ ਪਾਰਟੀ ਖਨਿਆਣ ਪਿੰਡ ਪਹੁੰਚੀ ਅਤੇ ਘਟਨਾ ਸਥਾਨ ਦਾ ਮੁਆਇਨਾ ਕੀਤਾ। ਤਹਿਸੀਲਦਾਰ ਅਮਲੋਹ ਵਿਕਾਸ ਸ਼ਰਮਾ ਨੇ ਦੱਸਿਆ ਕਿ ਪੁਲਿਸ ਅਤੇ ਪ੍ਰਸ਼ਾਸਨ ਦੀ ਟੀਮ ਨੇ ਘਟਨਾ ਸਥਾਨ ਤੋਂ ਵੱਖ-ਵੱਖ ਵਸਤੂਆਂ ਦੇ ਨਮੂਨੇ ਇਕੱਠੇ ਕੀਤੇ ਅਤੇ ਜਾਂਚ ਲਈ ਪ੍ਰਯੋਗਸ਼ਾਲਾ ਭੇਜ ਦਿੱਤੇ। ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦਾ ਅਸਲ ਕਾਰਨ ਸਪੱਸ਼ਟ ਹੋਵੇਗਾ।
EDITED BY- HARLEEN KAUR




