टॉप न्यूज़

ਆਪ ਆਗੂ ਦੇ ਘਰ ‘ਤੇ ਹਮਲਾ

ਖੰਨਾ ਦੇ ਪਿੰਡ ਨਰੈਣਗੜ੍ਹ ਵਿੱਚ ਆਮ ਆਦਮੀ ਪਾਰਟੀ ਦੇ ਨਸ਼ਾ ਮੁਕਤੀ ਮੋਰਚਾ ਦੇ ਬਲਾਕ ਕੋਆਰਡੀਨੇਟਰ ਸੁਖਵਿੰਦਰ ਸਿੰਘ ਉਰਫ ਸੁੱਖੀ ‘ਤੇ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਪੀੜਤ ਸੁਖਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਚਾਰ ਵਿਅਕਤੀਆਂ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (ਬੀਐਨਐਸ) ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸੁਖਵਿੰਦਰ ਸਿੰਘ ਸੁੱਖੀ, ਜੋ ਆਮ ਆਦਮੀ ਪਾਰਟੀ ਦੇ ਨਸ਼ਾ ਮੁਕਤੀ ਮੋਰਚਾ ਦੇ ਬਲਾਕ ਖੰਨਾ ਕੋਆਰਡੀਨੇਟਰ ਹਨ ਅਤੇ ਸੈਲਰ ਲਾਈਟਾਂ ਦਾ ਕੰਮ ਕਰਦੇ ਹਨ, ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਆਪਣੇ ਘਰ ਮਾਤਾ ਹਰਦੀਪ ਕੌਰ ਅਤੇ ਪਰਿਵਾਰਕ ਮੈਂਬਰਾਂ ਨਾਲ ਮੌਜੂਦ ਸਨ। ਇਸੇ ਦੌਰਾਨ ਹਰਪਿੰਦਰ ਸਿੰਘ ਉਰਫ ਗਾਂਧੀ ਵਾਸੀ ਪਿੰਡ ਨਾਰਾਇਣਗੜ੍ਹ ਆਪਣੇ ਸਾਥੀਆਂ ਗਗਨਜੀਤ ਸਿੰਘ ਉਰਫ ਪ੍ਰਿੰਸ ਵਾਸੀ ਰਸੂਲੜਾ, ਅਰਸ਼ਦੀਪ ਸਿੰਘ ਅਤੇ ਐਸਪ੍ਰਿਕ ਸਿੰਘ ਵਾਸੀਆਨ ਪਿੰਡ ਫੈਜਗੜ੍ਹ ਨਾਲ ਇੱਕ ਫਾਰਚੂਨਰ ਗੱਡੀ ਵਿੱਚ ਉਨ੍ਹਾਂ ਦੇ ਘਰ ਬਾਹਰ ਪਹੁੰਚੇ।
ਸ਼ਿਕਾਇਤ ਮੁਤਾਬਕ ਹਰਪਿੰਦਰ ਸਿੰਘ ਦੇ ਹੱਥ ਵਿੱਚ ਦਾਹ ਸੀ ਅਤੇ ਉਸਨੇ ਘਰ ਅੰਦਰ ਵੜਦੇ ਹੀ ਸੁਖਵਿੰਦਰ ਸਿੰਘ ਨੂੰ ਕਿਹਾ ਕਿ “ਤੂੰ ਮੈਨੂੰ ਨਸ਼ੇ ਦੇ ਕੇਸ ਵਿੱਚ ਫਸਾਇਆ ਹੈ।” ਸੁਖਵਿੰਦਰ ਸਿੰਘ ਨੇ ਇਸ ਦੋਸ਼ ਨੂੰ ਨਕਾਰ ਦਿੱਤਾ। ਇਸਤੋਂ ਬਾਅਦ, ਜਦੋਂ ਉਹ ਘਰ ਦਾ ਗੇਟ ਬੰਦ ਕਰ ਰਹੇ ਸਨ ਤਾਂ ਹਰਪਿੰਦਰ ਸਿੰਘ ਨੇ ਦਾਹ ਨਾਲ ਉਨ੍ਹਾਂ ‘ਤੇ ਵਾਰ ਕਰਨ ਦੀ ਕੋਸ਼ਿਸ਼ ਕੀਤੀ। ਗੇਟ ਬੰਦ ਹੋਣ ਕਾਰਨ ਉਹ ਬਚ ਗਏ, ਪਰ ਹਮਲਾਵਰਾਂ ਨੇ ਗੇਟ ‘ਤੇ ਕਈ ਹਮਲੇ ਕਰਕੇ ਭੰਨ-ਤੋੜ ਕੀਤੀ ਅਤੇ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਵੀ ਤੋੜ ਦਿੱਤੇ।
ਸੁਖਵਿੰਦਰ ਸਿੰਘ ਨੇ ਦੋਸ਼ ਲਾਇਆ ਕਿ ਚਾਰੇ ਹਮਲਾਵਰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਰਹੇ ਅਤੇ ਜ਼ਬਰਦਸਤੀ ਘਰ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਰਹੇ, ਜਿਸ ਕਾਰਨ ਪਰਿਵਾਰ ਨੂੰ ਘਰ ਅੰਦਰ ਲੁਕ ਕੇ ਆਪਣੀ ਜਾਨ ਬਚਾਉਣੀ ਪਈ। ਸ਼ਿਕਾਇਤ ਵਿੱਚ ਸੁਖਵਿੰਦਰ ਸਿੰਘ ਨੇ ਰੰਜਿਸ਼ ਦਾ ਕਾਰਨ ਵੀ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੁਲਜ਼ਮ ਨਸ਼ਾ ਕਰਨ ਦੇ ਆਦੀ ਹਨ ਅਤੇ ਜਦੋਂ ਵੀ ਪੁਲਿਸ ਉਨ੍ਹਾਂ ਨੂੰ ਕਾਬੂ ਕਰਦੀ ਹੈ ਤਾਂ ਉਹ ਸ਼ੱਕ ਕਰਦੇ ਹਨ ਕਿ ਇਸਦੀ ਸੂਚਨਾ ਸੁਖਵਿੰਦਰ ਸਿੰਘ ਨੇ ਦਿੱਤੀ ਹੈ।
ਇਸੇ ਸ਼ੱਕ ਦੇ ਆਧਾਰ ‘ਤੇ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਨਿਸ਼ਾਨਾ ਬਣਾਇਆ ਗਿਆ। ਉਨ੍ਹਾਂ ਨੇ ਪੁਲਿਸ ਕੋਲ ਆਪਣੀ ਅਤੇ ਪਰਿਵਾਰ ਦੀ ਜਾਨ-ਮਾਲ ਦੀ ਸੁਰੱਖਿਆ ਦੀ ਮੰਗ ਵੀ ਕੀਤੀ ਹੈ। ਦੂਜੇ ਪਾਸੇ. ਸਦਰ ਥਾਣਾ ਪੁਲਿਸ ਨੇ ਚਾਰੇ ਮੁਲਜ਼ਮਾਂ ਖਿਲਾਫ ਕੇਸ ਦਰਜ ਕਰਕੇ ਉਹਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਸੀ।
EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!