
ਜਲੰਧਰ ਕੈਂਟ ਦੇ 30 ਨੰਬਰ ਮੁਹੱਲੇ ਵਿੱਚ ਦੇਰ ਰਾਤ ਉਸ ਵੇਲੇ ਹੰਗਾਮਾ ਹੋ ਗਿਆ, ਜਦੋਂ ਸ਼ਰਾਬ ਦੀ ਤਸਕਰੀ ਦੇ ਮਾਮਲੇ ਵਿੱਚ ਐਕਸਾਈਜ਼ ਵਿਭਾਗ ਅਤੇ ਪੁਲਿਸ ਦੀ ਸਾਂਝੀ ਟੀਮ ਇੱਕ ਘਰ ਵਿੱਚ ਛਾਪੇਮਾਰੀ ਕਰਨ ਪਹੁੰਚੀ। ਜਾਣਕਾਰੀ ਮੁਤਾਬਕ ਟੀਮ ਨੇ ਸ਼ਰਾਬ ਤਸਕਰੀ ਸਬੰਧੀ ਕਾਰਵਾਈ ਸ਼ੁਰੂ ਕੀਤੀ ਤਾਂ ਘਰ ਵਿੱਚ ਮੌਜੂਦ ਵਿਅਕਤੀਆਂ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਕੁਝ ਹੀ ਸਮੇਂ ਵਿੱਚ ਮੌਕੇ ’ਤੇ ਸਥਿਤੀ ਤਣਾਅਪੂਰਨ ਹੋ ਗਈ।
ਇਸ ਦੌਰਾਨ ਕਥਿਤ ਤੌਰ ’ਤੇ ਸ਼ਰਾਬ ਤਸਕਰ ਨੇ ਪੁਲਿਸ ਅਤੇ ਐਕਸਾਈਜ਼ ਟੀਮ ਨਾਲ ਗਾਲੀ-ਗਲੋਚ ਕੀਤੀ ਅਤੇ ਧੱਕਾਮੁੱਕੀ ਵੀ ਕੀਤੀ। ਹਾਲਾਂਕਿ ਟੀਮ ਨੇ ਵਿਰੋਧ ਦੇ ਬਾਵਜੂਦ ਆਪਣੀ ਕਾਰਵਾਈ ਜਾਰੀ ਰੱਖੀ।
ਪੁਲਿਸ ਮੁਤਾਬਕ ਛਾਪੇਮਾਰੀ ਦੌਰਾਨ ਮੁਲਜ਼ਮ ਕੋਲੋਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ। ਇਸ ਤੋਂ ਬਾਅਦ ਉਸ ਨੂੰ ਮੌਕੇ ਤੋਂ ਕਾਬੂ ਕਰ ਲਿਆ ਗਿਆ ਅਤੇ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ।
ਏਡੀਸੀਪੀ ਮਾਧਵੀ ਸ਼ਰਮਾ ਨੇ ਦੱਸਿਆ ਕਿ ਐਕਸਾਈਜ਼ ਵਿਭਾਗ ਅਤੇ ਪੁਲਿਸ ਵੱਲੋਂ ਸਾਂਝੇ ਤੌਰ ’ਤੇ ਇਹ ਕਾਰਵਾਈ ਕੀਤੀ ਗਈ ਸੀ। ਉਨ੍ਹਾਂ ਮੁਤਾਬਕ ਕਾਰਵਾਈ ਦੌਰਾਨ ਟੀਮ ਦਾ ਵਿਰੋਧ ਕਰਦੇ ਹੋਏ ਮੁਲਜ਼ਮ ਨੇ ਹੰਗਾਮਾ ਕੀਤਾ।
ਮਾਧਵੀ ਸ਼ਰਮਾ ਨੇ ਕਿਹਾ ਕਿ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਬਰਾਮਦ ਕੀਤੀ ਗਈ ਸ਼ਰਾਬ ਸਬੰਧੀ ਵੀ ਜਾਂਚ ਕੀਤੀ ਜਾ ਰਹੀ ਹੈ।
ਅਧਿਕਾਰੀਆਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਛਾਪੇਮਾਰੀ ਵਿੱਚ ਵਿਘਨ ਪਾਉਣ ਵਾਲੇ ਹੋਰ ਵਿਅਕਤੀਆਂ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ। ਜੇਕਰ ਜਾਂਚ ਦੌਰਾਨ ਉਨ੍ਹਾਂ ਦੀ ਸ਼ਮੂਲੀਅਤ ਸਾਹਮਣੇ ਆਉਂਦੀ ਹੈ ਤਾਂ ਉਨ੍ਹਾਂ ਖ਼ਿਲਾਫ਼ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
EDITED BY- HARLEEN KAUR




