
ਕੇਂਦਰ ਸਰਕਾਰ ਸਕੂਲਾਂ ਦੇ ਆਸ-ਪਾਸ ਵਿਕਣ ਵਾਲੇ ਜੰਕ ਫੂਡ ਨੂੰ ਲੈ ਕੇ ਵੱਡਾ ਕਦਮ ਚੁੱਕਣ ਦੀ ਤਿਆਰੀ ਕਰ ਰਹੀ ਹੈ। ਬੱਚਿਆਂ ਵਿੱਚ ਵਧ ਰਹੀ Child Obesity (ਬੱਚਿਆਂ ਵਿੱਚ ਮੋਟਾਪਾ) ਅਤੇ ਜੰਕ ਫੂਡ ਦੀ ਆਦਤ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਸਕੂਲਾਂ ਦੇ 50 ਮੀਟਰ ਦੇ ਘੇਰੇ ਵਿੱਚ ਹਾਈ ਫੈਟ, ਸ਼ੂਗਰ ਅਤੇ ਸਾਲਟ (HFSS) ਵਾਲੇ ਖਾਣ-ਪੀਣ ਦੇ ਸਮਾਨ ਦੀ ਵਿਕਰੀ ’ਤੇ ਰੋਕ ਲਗਾਈ ਜਾ ਸਕਦੀ ਹੈ।
ਪ੍ਰਸਤਾਵਿਤ ਨੀਤੀ ਤਹਿਤ ਸਕੂਲਾਂ ਦੇ 50 ਮੀਟਰ ਦੇ ਘੇਰੇ ਵਿੱਚ ਚਿਪਸ, ਕੋਲਡ ਡ੍ਰਿੰਕਸ, ਬਰਗਰ, ਨੂਡਲਜ਼, ਪੈਕਡ ਸਨੈਕਸ ਅਤੇ ਹੋਰ ਜੰਕ ਫੂਡ ਵੇਚਣ ’ਤੇ ਰੋਕ ਲਗਾਈ ਜਾ ਸਕਦੀ ਹੈ। ਇਸ ਦੇ ਨਾਲ ਹੀ ਇਨ੍ਹਾਂ ਉਤਪਾਦਾਂ ਦੇ ਇਸ਼ਤਿਹਾਰਾਂ ’ਤੇ ਵੀ ਪਾਬੰਦੀ ਲਗਾਉਣ ਦੀ ਤਜਵੀਜ਼ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਪ੍ਰਸਤਾਵ ਦਾ ਦਾਇਰਾ ਦੇਸ਼ ਦੇ ਕਰੀਬ 15 ਲੱਖ ਸਕੂਲਾਂ ਤੱਕ ਹੋ ਸਕਦਾ ਹੈ।
ਸਸਤੇ ਜੰਕ ਫੂਡ ਅਤੇ ਲੁਭਾਉਣ ਵਾਲੇ ਇਸ਼ਤਿਹਾਰਾਂ ਕਾਰਨ ਬੱਚਿਆਂ ਵਿੱਚ ਪੈਕਡ ਚਿਪਸ, ਚਾਕਲੇਟ, ਕੋਲਡ ਡ੍ਰਿੰਕਸ ਅਤੇ ਹੋਰ ਸਨੈਕਸ ਦਾ ਰੁਝਾਨ ਵਧਿਆ ਹੈ। ਕਈ ਬੱਚੇ ਘਰ ਦੇ ਬਣੇ ਪੌਸ਼ਟਿਕ ਖਾਣੇ ਦੀ ਬਜਾਏ ਪੈਕਡ ਫੂਡ ਨੂੰ ਤਰਜੀਹ ਦੇਣ ਲੱਗ ਪਏ ਹਨ। ਇਸ ਸਮੱਸਿਆ ਨਾਲ ਨਜਿੱਠਣ ਲਈ Food Safety and Standards Authority of India (FSSAI) ਵੱਲੋਂ ਨਵਾਂ ਖਾਕਾ ਤਿਆਰ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਹੈ। ਇਸ ਕਦਮ ਦਾ ਮਕਸਦ ਬੱਚਿਆਂ ਨੂੰ ਗੈਰ-ਸਿਹਤਮੰਦ ਖਾਣ-ਪੀਣ ਤੋਂ ਦੂਰ ਰੱਖਣਾ ਅਤੇ ਉਨ੍ਹਾਂ ਨੂੰ ਪੌਸ਼ਟਿਕ ਖੁਰਾਕ ਵੱਲ ਪ੍ਰੇਰਿਤ ਕਰਨਾ ਹੈ।
ਜੇਕਰ ਇਹ ਪ੍ਰਸਤਾਵ ਲਾਗੂ ਹੁੰਦਾ ਹੈ ਤਾਂ ਸਕੂਲਾਂ ਦੇ ਨੇੜੇ ਜੰਕ ਫੂਡ ਵੇਚਣ ਵਾਲੇ ਸਥਾਨਕ ਦੁਕਾਨਦਾਰਾਂ ਦੇ ਨਾਲ-ਨਾਲ ਵੱਡੀਆਂ ਕੰਪਨੀਆਂ ਦੇ ਉਤਪਾਦਾਂ ਦੀ ਵਿਕਰੀ ’ਤੇ ਵੀ ਅਸਰ ਪੈ ਸਕਦਾ ਹੈ। ਇਸ ਕਾਰਨ ਬਾਜ਼ਾਰ ਨਾਲ ਜੁੜੇ ਲੋਕਾਂ ਵੱਲੋਂ ਚਿੰਤਾ ਜਤਾਈ ਜਾ ਰਹੀ ਹੈ।
EDITED BY- HARLEEN KAUR




