
ਫਿਰੋਜ਼ਪੁਰ ਦੇ ਜੀਰਾ ਸ਼ਹਿਰ ਵਿੱਚ ਬਾਬਾ ਮੋਜਦੀਨ ਵਾਲਾ ਰੋਡ ‘ਤੇ ਸਥਿਤ ਛਿੰਦਾ ਬੁੱਕ ਸਟੋਰ ਵਿੱਚ ਸਵੇਰੇ ਅਚਾਨਕ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਦੁਕਾਨ ਵਿੱਚ ਪਿਆ ਸਮਾਨ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਮੁੱਢਲੀ ਜਾਣਕਾਰੀ ਮੁਤਾਬਕ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਹਾਲਾਂਕਿ, ਦੁਕਾਨ ਵਿੱਚ ਪਟਾਕੇ ਵੀ ਰੱਖੇ ਹੋਣ ਦੀ ਗੱਲ ਸਾਹਮਣੇ ਆਈ ਹੈ, ਜਿਸ ਕਾਰਨ ਅੱਗ ਹੋਰ ਭੜਕਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ।
ਦੱਸਿਆ ਗਿਆ ਕਿ ਕਿਤਾਬਾਂ, ਕਾਪੀਆਂ ਅਤੇ ਹੋਰ ਸਮਾਨ ਦੇ ਨਾਲ ਪਟਾਕੇ ਵੀ ਮੌਜੂਦ ਸਨ। ਅੱਗ ਲੱਗਣ ਤੋਂ ਬਾਅਦ ਦੁਕਾਨ ਅੰਦਰ ਤੇਜ਼ੀ ਨਾਲ ਭਾਂਬੜ ਮੱਚ ਗਿਆ ਅਤੇ ਕੁਝ ਹੀ ਸਮੇਂ ਵਿੱਚ ਕਾਫ਼ੀ ਸਮਾਨ ਅੱਗ ਦੀ ਲਪੇਟ ਵਿੱਚ ਆ ਗਿਆ। ਅੱਗ ਦੀਆਂ ਲਪਟਾਂ ਦੇਖ ਕੇ ਆਸ-ਪਾਸ ਦੇ ਲੋਕਾਂ ਵਿੱਚ ਹੜਕੰਪ ਮਚ ਗਿਆ ਅਤੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ।
ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ‘ਤੇ ਪਹੁੰਚੀਆਂ। ਅਧਿਕਾਰੀਆਂ ਮੁਤਾਬਕ ਦੋ ਪਾਣੀ ਵਾਲੀਆਂ ਗੱਡੀਆਂ ਦੀ ਮਦਦ ਨਾਲ ਅੱਗ ‘ਤੇ ਕਾਬੂ ਪਾਇਆ ਗਿਆ ਅਤੇ ਵੱਡੇ ਖ਼ਤਰੇ ਨੂੰ ਟਾਲਿਆ ਗਿਆ।
ਇਸ ਘਟਨਾ ਵਿੱਚ ਦੁਕਾਨਦਾਰ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਣ ਦੀ ਜਾਣਕਾਰੀ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਇਸੇ ਸੜਕ ‘ਤੇ ਪਹਿਲਾਂ ਵੀ ਸ਼ਾਰਟ ਸਰਕਟ ਕਾਰਨ ਅੱਗ ਲੱਗਣ ਦੀਆਂ ਘਟਨਾਵਾਂ ਹੋ ਚੁੱਕੀਆਂ ਹਨ।
ਮੌਕੇ ‘ਤੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ ਵੀ ਪਹੁੰਚੇ ਅਤੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ। ਉਨ੍ਹਾਂ ਸਰਕਾਰ ਤੋਂ ਪੀੜਤ ਪਰਿਵਾਰ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ ਅਤੇ ਬਿਜਲੀ ਵਿਭਾਗ ਤੋਂ ਵੀ ਨੁਕਸਾਨ ਸਬੰਧੀ ਭਰਪਾਈ ਦੀ ਗੱਲ ਕਹੀ।
EDITED BY- HARLEEN KAUR




