देश
ਅਮੁਲ ਤੋਂ ਬਾਅਦ ਹੁਣ ਇਕ ਹੋਰ ਦੁੱਧ ਕੰਪਨੀ ਨੇ ਵੀ ਵਧਾਈਆਂ ਕੀਮਤਾਂ

ਦੇਸ਼ ਭਰ ਵਿਚ ਸਬਜ਼ੀਆਂ ਅਤੇ ਖਾਣ-ਪੀਣ ਦੀਆਂ ਵਸਤਾਂ ਦੀਆਂ ਵਧਦੀਆਂ ਕੀਮਤਾਂ ਦੇ ਵਿਚਕਾਰ ਦੁੱਧ ਦੀ ਕੀਮਤ ਵਿੱਚ ਵੀ ਭਾਰੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ‘ਅਮੁਲ’ (Amul) ਤੋਂ ਬਾਅਦ ਹੁਣ ‘ਪਰਾਗ ਮਿਲਕ’ (Parag Milk) ਨੇ ਵੀ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਹੈ। ਉਤਪਾਦਨ, ਪ੍ਰੋਸੈਸਿੰਗ ਅਤੇ ਆਵਾਜਾਈ ਦੀ ਲਾਗਤ ਵਿਚ ਲਗਾਤਾਰ ਹੋ ਰਹੇ ਵਾਧੇ ਦਾ ਹਵਾਲਾ ਦਿੰਦੇ ਹੋਏ ਲਖਨਊ ਮਿਲਕ ਯੂਨੀਅਨ ਨੇ ‘ਪਰਾਗ ਗੋਲਡ’ (Parag Gold) ਅਤੇ ‘ਟੋਨਡ ਮਿਲਕ’ (Toned Milk) ਦੀਆਂ ਕੀਮਤਾਂ ਵਿੱਚ ਕਾਫ਼ੀ ਵਾਧਾ ਕਰਨ ਦਾ ਐਲਾਨ ਕੀਤਾ ਹੈ। ਨਵੀਆਂ ਦਰਾਂ 12 ਨਵੰਬਰ, 2026 ਨੂੰ ਸ਼ਾਮ ਦੀ ਸਪਲਾਈ ਤੋਂ ਲਾਗੂ ਹੋਣਗੀਆਂ।
ਨਵੀਂ ਕੀਮਤ ਸੂਚੀ ਅਨੁਸਾਰ ‘ਪਰਾਗ ਐਫ.ਸੀ.ਐਮ. ਗੋਲਡ’ (Parag FCM Gold) ਦੁੱਧ ਹੁਣ ₹72 ਦੀ ਬਜਾਏ ₹76 ਪ੍ਰਤੀ ਲੀਟਰ ਮਿਲੇਗਾ—ਜਿਸ ਦਾ ਮਤਲਬ ਹੈ ਕਿ ਖਪਤਕਾਰਾਂ ਨੂੰ ਪ੍ਰਤੀ ਲੀਟਰ ₹4 ਵਾਧੂ ਦੇਣੇ ਪੈਣਗੇ। 500 ਮਿਲੀਲੀਟਰ ਦੇ ਪੈਕੇਟ ਦੀ ਕੀਮਤ ਹੁਣ ₹36 ਤੋਂ ਵਧ ਕੇ ₹38 ਹੋ ਜਾਵੇਗੀ। ਇਸੇ ਤਰ੍ਹਾਂ ‘ਪਰਾਗ ਟੋਨਡ ਮਿਲਕ’ ਦੀ ਕੀਮਤ ਵਿੱਚ ਵੀ 2 ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ। ਇਹ ਹੁਣ 59 ਦੀ ਬਜਾਏ 61 ਪ੍ਰਤੀ ਲੀਟਰ ਮਿਲੇਗਾ, ਜਦੋਂ ਕਿ 500 ਮਿਲੀਲੀਟਰ ਦੇ ਪੈਕੇਟ ਦੀ ਕੀਮਤ ₹30 ਦੀ ਬਜਾਏ ₹31 ਹੋਵੇਗੀ।
ਦੁੱਧ ਦੀਆਂ ਕੀਮਤਾਂ ਕਿਉਂ ਵਧੀਆਂ?
ਲਖਨਊ ਮਿਲਕ ਯੂਨੀਅਨ ਦੇ ਜਨਰਲ ਮੈਨੇਜਰ ਦੁਆਰਾ ਜਾਰੀ ਇੱਕ ਨੋਟੀਫਿਕੇਸ਼ਨ ਅਨੁਸਾਰ ਕੱਚੇ ਦੁੱਧ ਦੀ ਖਰੀਦ, ਪ੍ਰੋਸੈਸਿੰਗ ਅਤੇ ਆਵਾਜਾਈ ਨਾਲ ਜੁੜੀਆਂ ਲਾਗਤਾਂ ਲਗਾਤਾਰ ਵਧ ਰਹੀਆਂ ਹਨ। ਨਤੀਜੇ ਵਜੋਂ, ਦੁੱਧ ਦੀਆਂ ਕੀਮਤਾਂ ਵਿਚ ਸੋਧ ਕਰਨਾ ਜ਼ਰੂਰੀ ਹੋ ਗਿਆ ਸੀ। ‘ਪਰਾਗ ਮਿਲਕ’ 12 ਨਵੰਬਰ ਦੀ ਸਵੇਰ ਤੱਕ ਪੁਰਾਣੀਆਂ ਕੀਮਤਾਂ ਉਤੇ ਹੀ ਉਪਲਬਧ ਰਹੇਗਾ, ਜਿਸ ਤੋਂ ਬਾਅਦ ਸ਼ਾਮ ਦੀ ਸਪਲਾਈ ਤੋਂ ਨਵੀਆਂ ਦਰਾਂ ਲਾਗੂ ਹੋ ਜਾਣਗੀਆਂ।
ਦੁੱਧ ਦੀਆਂ ਕੀਮਤਾਂ ਵਿਚ ਹੋਏ ਇਸ ਵਾਧੇ ਦਾ ਅਸਰ ਲੱਖਾਂ ਪਰਿਵਾਰਾਂ ਦੇ ਘਰੇਲੂ ਬਜਟ ਉਤੇ ਪਵੇਗਾ। ਖਾਸ ਤੌਰ ‘ਤੇ ਮੱਧ-ਵਰਗੀ ਅਤੇ ਘੱਟ ਆਮਦਨ ਵਾਲੇ ਪਰਿਵਾਰਾਂ ਨੂੰ ਹੁਣ ਰੋਜ਼ਾਨਾ ਦੁੱਧ ਦੀ ਖਪਤ ਲਈ ਵਾਧੂ ਖਰਚਾ ਕਰਨਾ ਪਵੇਗਾ। ਸਬਜ਼ੀਆਂ ਅਤੇ ਹੋਰ ਖਾਣ-ਪੀਣ ਦੀਆਂ ਵਸਤਾਂ ਦੀਆਂ ਵਧਦੀਆਂ ਕੀਮਤਾਂ ਦੇ ਵਿਚਕਾਰ ਦੁੱਧ ਦੀਆਂ ਕੀਮਤਾਂ ਵਿੱਚ ਹੋਏ ਇਸ ਵਾਧੇ ਨੇ ਆਮ ਆਦਮੀ ਦੀਆਂ ਚਿੰਤਾਵਾਂ ਨੂੰ ਹੋਰ ਵਧਾ ਦਿੱਤਾ ਹੈ।
EDITED BY- HARLEEN KAUR




