ਭਾਈ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਨੂੰ ਟੱਕਰ ਦੇਣ ਲਈ ਭਗਵੰਤ ਮਾਨ ਨੇ ਖੇਡਿਆ ਵੱਡਾ ਦਾਅ
ਤਰਨ ਤਾਰਨ ਜ਼ਿਮਨੀ ਚੋਣ 'ਚ ਬਦਲੇ ਸਮੀਕਰਨ

ਤਰਨ ਤਾਰਨ ਵਿਧਾਨ ਸਭਾ ਜ਼ਿਮਨੀ ਚੋਣ ਜਿੱਤਣ ਲਈ ਸੱਤਾਧਿਰ ਆਮ ਆਦਮੀ ਪਾਰਟੀ ਨੇ ਵੱਡਾ ਦਾਅ ਖੇਡਿਆ ਹੈ। ਆਸਾਮ ਦੀ ਡਿੱਬਰੂਗੜ੍ਹ ਜੇਲ੍ਹ ਵਿੱਚ ਬੰਦ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਅਕਾਲੀ ਦਲ (ਵਾਰਿਸ ਪੰਜਾਬ ਦੇ) ਨੂੰ ਟੱਕਰ ਦੇਣ ਲਈ ‘ਆਪ’ ਨੇ ਪੰਥਕ ਵੋਟ ਵਿੱਚ ਸੰਨ੍ਹ ਲਾਉਣ ਦੀ ਯੋਜਨਾ ਬਣਾਈ ਹੈ। ਇਸ ਤਹਿਤ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਦਿੰਦਿਆਂ ਤਰਨ ਤਾਰਨ ਤੋਂ ਤਿੰਨ ਵਾਰ ਵਿਧਾਇਕ ਰਹੇ ਹਰਮੀਤ ਸਿੰਘ ਸੰਧੂ ਨੂੰ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਲ ਕਰ ਲਿਆ ਗਿਆ ਹੈ।
ਦਰਅਸਲ ਤਰਨ ਤਾਰਨ ਹਲਕੇ ਨੂੰ ਪੰਥਕ ਗੜ੍ਹ ਮੰਨਿਆ ਜਾਂਦਾ ਹੈ। ਇਸ ਲਈ ਹੀ ਲੋਕ ਸਭਾ ਚੋਣਾਂ ਵਿੱਚ ਡਿੱਬਰੂਗੜ੍ਹ ਜੇਲ੍ਹ ਵਿੱਚ ਬੰਦ ਭਾਈ ਅੰਮ੍ਰਿਤਪਾਲ ਸਿੰਘ ਨੇ ਸੱਤਾਧਿਰ ਆਮ ਆਦਮੀ ਪਾਰਟੀ ਸਣੇ ਸਾਰੀਆਂ ਧਿਰਾਂ ਨੂੰ ਪਛਾੜ ਦਿੱਤਾ ਸੀ। ਹੁਣ ਫਿਰ ਭਾਈ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਅਕਾਲੀ ਦਲ (ਵਾਰਿਸ ਪੰਜਾਬ ਦੇ) ਨੇ ਜ਼ਿਮਨੀ ਚੋਣ ਲੜਨ ਦਾ ਐਲਾਨ ਕੀਤਾ ਹੈ। ਅਜਿਹੇ ਵਿੱਚ ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਮੁਸ਼ਕਲਾਂ ਵਧ ਗਈਆਂ ਸੀ। ਹੁਣ ਹਰਮੀਤ ਸਿੰਘ ਸੰਧੂ ਦੇ ‘ਆਪ’ ਵਿੱਚ ਸ਼ਾਮਲ ਹੋਣ ਨਾਲ ਰਾਜਨੀਤਕ ਸਮੀਕਰਨ ਬਦਲ ਸਕਦੇ ਹਨ। ‘ਆਪ’ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਦੀ ਕੈਂਸਰ ਕਾਰਨ ਮੌਤ ਹੋ ਗਈ ਸੀ, ਜਿਸ ਕਾਰਨ ਤਰਨਤਾਰਨ ਸੀਟ ਖਾਲੀ ਘੋਸ਼ਿਤ ਕਰ ਦਿੱਤੀ ਗਈ ਸੀ।
ਸਿਆਸੀ ਮਾਹਿਰਾਂ ਮੁਤਾਬਕ ਸੰਧੂ ਤਰਨ ਤਾਰਨ ਵਿੱਚ ਹੋਣ ਵਾਲੀ ਉਪ ਚੋਣ ਵਿੱਚ ‘ਆਪ’ ਉਮੀਦਵਾਰ ਹੋ ਸਕਦੇ ਹਨ। ਸੰਧੂ ਪੰਥਕ ਵੋਟ ਵਿੱਚ ਚੰਗੀ ਸੰਨ੍ਹ ਲਾ ਸਕਦੇ ਹਨ। ਸੰਧੂ ਨੇ 1998 ਵਿੱਚ ਕੈਰੋਂ ਪਰਿਵਾਰ ਦੀ ਅਗਵਾਈ ਹੇਠ ਰਾਜਨੀਤੀ ਵਿੱਚ ਪ੍ਰਵੇਸ਼ ਕੀਤਾ, ਜੋ ਮਾਝੇ ਦੀ ਰਾਜਨੀਤੀ ਦਾ ਕੇਂਦਰ ਸੀ। 2002 ਵਿੱਚ ਸੰਧੂ ਨੇ ਆਜ਼ਾਦ ਉਮੀਦਵਾਰ ਵਜੋਂ, 2007 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ‘ਤੇ ਅਤੇ 2012 ਵਿੱਚ ਸੰਧੂ ਨੇ ਤੀਜੀ ਵਾਰ ਤਰਨ ਤਾਰਨ ਤੋਂ ਜਿੱਤ ਪ੍ਰਾਪਤ ਕੀਤੀ ਸੀ। ਉਹ ਬਾਦਲ ਸਰਕਾਰ ਵਿੱਚ ਦੋ ਵਾਰ ਸੀਪੀਐਸ ਵੀ ਰਹੇ ਸੀ।
ਨਵੰਬਰ 2024 ਵਿੱਚ ਸੰਧੂ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫਾ ਦੇ ਦਿੱਤਾ ਸੀ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਕਰੀਬੀ ਰਹੇ ਸੰਧੂ ਨੂੰ ਉਪ ਚੋਣ ਵਿੱਚ ‘ਆਪ’ ਦਾ ਉਮੀਦਵਾਰ ਬਣਾਇਆ ਜਾ ਸਕਦਾ ਹੈ। ਉਂਝ ਆਮ ਆਦਮੀ ਪਾਰਟੀ ਲਈ ਇਹ ਫੈਸਲਾ ਮੁਸ਼ਕਲਾਂ ਵੀ ਖੜ੍ਹੀਆਂ ਕਰ ਸਕਦਾ ਹੈ ਕਿਉਂਕਿ ਤਰਨ ਤਾਰਨ ਵਿੱਚ ਉਪ ਚੋਣ ਲਈ ‘ਆਪ’ ਦੀ ਟਿਕਟ ਲਈ ਕਈ ਦਾਅਵੇਦਾਰ ਹਨ। ਹਾਲਾਂਕਿ ਕੁਝ ਆਗੂਆਂ ਨੇ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨਾਲ ਮੁਲਾਕਾਤ ਕਰਕੇ ਸੰਧੂ ਦੇ ਪਾਰਟੀ ਵਿੱਚ ਦਾਖਲੇ ਦਾ ਵਿਰੋਧ ਵੀ ਕੀਤਾ ਸੀ।
EDITED BY- HARLEEN KAUR



