
ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ ਏਅਰਪੋਰਟ ‘ਤੇ ਕੁਪ੍ਰਬੰਧਨ ਕਾਰਨ ਯਾਤਰੀ ਪਰੇਸ਼ਾਨ ਹਨ। ਇੱਥੇ ਆਉਣ ਵਾਲੇ ਯਾਤਰੀਆਂ ਨੇ ਟਰਮਿਨਲ ਦੇ ਅੰਦਰ ਕਬੂਤਰਾਂ ਦੀ ਭਰਮਾਰ ਬਾਰੇ ਸ਼ਿਕਾਇਤ ਕੀਤੀ ਹੈ। ਇੱਕ ਯਾਤਰੀ ਨੇ ਦੱਸਿਆ ਕਿ ਇੱਥੇ ਬੈਠਣਾ ਵੀ ਮੁਸ਼ਕਲ ਹੋ ਗਿਆ ਹੈ, ਹਰ ਜਗ੍ਹਾ ਕਬੂਤਰ ਉੱਡਦੇ ਨਜ਼ਰ ਆ ਰਹੇ ਹਨ ਅਤੇ ਕੱਪੜਿਆਂ ‘ਤੇ ਉਨ੍ਹਾਂ ਦੀ ਬਿਟ ਵੀ ਡਿੱਗ ਰਹੀ ਹੈ। ਅੰਮ੍ਰਿਤਸਰ ‘ਚ ਹਰ ਰੋਜ਼ 1 ਲੱਖ ਤੋਂ ਵੱਧ ਸੈਲਾਨੀ ਪਹੁੰਚਦੇ ਹਨ। ਵਿਦੇਸ਼ ਤੋਂ ਆਉਣ ਵਾਲੇ ਪੰਜਾਬੀ ਅਤੇ ਇੰਟਰਨੈਸ਼ਨਲ ਯਾਤਰੀ ਇੱਥੇ ਹੀ ਉਤਰਦੇ ਜਾਂ ਫਲਾਈਟ ਫੜਦੇ ਹਨ, ਪਰ ਇੱਥੇ ਆ ਕੇ ਕਬੂਤਰਾਂ ਦੀ ਸਮੱਸਿਆ ਕਾਰਨ ਉਨ੍ਹਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਹਵਾਈ ਅੱਡੇ ਵਰਗੀ ਸੰਵੇਦਨਸ਼ੀਲ ਜਗ੍ਹਾ ‘ਤੇ ਇਸ ਤਰ੍ਹਾਂ ਪੰਛੀਆਂ ਦਾ ਦਾਖ਼ਲਾ ਚਿੰਤਾਜਨਕ ਮਾਮਲਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਨਾ ਸਿਰਫ਼ ਯਾਤਰੀਆਂ ਦੀ ਸਹੂਲਤ ਪ੍ਰਭਾਵਿਤ ਹੁੰਦੀ ਹੈ, ਸਗੋਂ ਹਵਾਈ ਸੁਰੱਖਿਆ ਨੂੰ ਵੀ ਖਤਰਾ ਪੈਦਾ ਹੋ ਸਕਦਾ ਹੈ।
ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨਿਰਦੇਸ਼ਕ ਭੂਪਿੰਦਰ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ‘ਚ ਆ ਚੁੱਕਾ ਹੈ ਅਤੇ ਇਸ ‘ਤੇ ਤੁਰੰਤ ਕਾਰਵਾਈ ਕੀਤੀ ਜਾ ਰਹੀ ਹੈ। ਅਧਿਕਾਰੀ ਨੇ ਕਿਹਾ ਕਿ ਹਵਾਈ ਅੱਡੇ ਦੇ ਅੰਦਰ ਪੰਛੀਆਂ ਦਾ ਉੱਡਣਾ ਇੱਕ ਗੰਭੀਰ ਵਿਸ਼ਾ ਹੈ, ਜਿਸ ‘ਤੇ ਪੂਰੀ ਟੀਮ ਧਿਆਨ ਦੇ ਰਹੀ ਹੈ।
ਉਨ੍ਹਾਂ ਦੱਸਿਆ ਕਿ ਸਫਾਈ ਪ੍ਰਣਾਲੀ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ ਅਤੇ ਅਜਿਹੇ ਉਪਾਅ ਕੀਤੇ ਜਾ ਰਹੇ ਹਨ, ਜਿਨ੍ਹਾਂ ਨਾਲ ਪੰਛੀ ਟਰਮਿਨਲ ਖੇਤਰ ‘ਚ ਦਾਖ਼ਲ ਨਾ ਹੋ ਸਕਣ। ਭੂਪਿੰਦਰ ਸਿੰਘ ਨੇ ਭਰੋਸਾ ਦਿਵਾਇਆ ਕਿ ਬਹੁਤ ਜਲਦੀ ਇਸ ਸਮੱਸਿਆ ਦਾ ਹੱਲ ਕੱਢ ਲਿਆ ਜਾਵੇਗਾ ਅਤੇ ਯਾਤਰੀਆਂ ਨੂੰ ਸੁਰੱਖਿਅਤ ਤੇ ਸਾਫ-ਸੁਥਰਾ ਮਾਹੌਲ ਪ੍ਰਦਾਨ ਕੀਤਾ ਜਾਵੇਗਾ।
EDITED BY- HARLEEN KAUR




