
ਲੁਧਿਆਣਾ ਦੇ ਇਸਲਾਮਗੰਜ ਇਲਾਕੇ ‘ਚ ਜਮੀਨੀ ਵਿਵਾਦ ਨੇ ਗੰਭੀਰ ਰੂਪ ਧਾਰ ਲਿਆ, ਜਦੋਂ ਦੋ ਧਿਰਾਂ ਵਿੱਚ ਤਕਰਾਰ ਦੇ ਦੌਰਾਨ ਇੱਕ ਬਜ਼ੁਰਗ ਵੱਲੋਂ ਲਾਈਸੈਂਸੀ ਰਿਵਾਲਵਰ ਨਾਲ ਹਵਾਈ ਫਾਇਰਿੰਗ ਕੀਤੀ ਗਈ। ਹਾਲਾਂਕਿ ਕਿਸੇ ਦੀ ਜਾਨ ਨੂੰ ਨੁਕਸਾਨ ਨਹੀਂ ਪਹੁੰਚਿਆ, ਪਰ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਇੱਕ ਧਿਰ ਨੇ ਦਾਅਵਾ ਕੀਤਾ ਕਿ ਗਵਾਂਡੀ ਨਾਲ ਘਰ ਦੀ ਦੀਵਾਰ ਨੂੰ ਲੈ ਕੇ ਪੁਰਾਣਾ ਵਿਵਾਦ ਚੱਲ ਰਿਹਾ ਹੈ ਅਤੇ ਮਾਮਲਾ ਕੋਰਟ ਵਿੱਚ ਵੀ ਚੱਲ ਰਿਹਾ ਹੈ। ਅੱਜ ਮਕਾਨ ਬਣਾਉਣ ਦੌਰਾਨ ਮਾਮੂਲੀ ਬਹਿਸ ਹੋਈ, ਜਿਸ ‘ਚ ਗੁੱਸੇ ‘ਚ ਆ ਕੇ ਗਵਾਂਡੀ ਲਕਸ਼ਮੀ ਨਰਾਇਣ ਨੇ ਆਪਣੀ ਲਾਈਸੈਂਸੀ ਰਿਵਾਲਵਰ ਨਾਲ ਹਵਾਈ ਗੋਲੀ ਚਲਾ ਦਿੱਤੀ।
ਪੁਲਿਸ ਥਾਣਾ ਡਿਵੀਜ਼ਨ ਨੰਬਰ 2 ਦੇ ਐਸਐਚਓ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਇਹ ਵਿਵਾਦ ਜਾਇਦਾਦ ਨੂੰ ਲੈ ਕੇ ਹੈ ਅਤੇ ਇਹ ਮਾਮਲਾ ਅਦਾਲਤ ਅਧੀਨ ਹੈ। ਉਨ੍ਹਾਂ ਕਿਹਾ ਕਿ ਲਾਈਸੈਂਸੀ ਹਥਿਆਰ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਵਾਂ ਧਿਰਾਂ ਨੂੰ ਪੁਲਿਸ ਸਟੇਸ਼ਨ ਬੁਲਾਇਆ ਗਿਆ ਹੈ। ਜੋ ਵੀ ਕਾਨੂੰਨੀ ਕਾਰਵਾਈ ਬਣਦੀ ਹੋਵੇਗੀ, ਉਹ ਕੀਤੀ ਜਾਵੇਗੀ।




