ਜਲੰਧਰ ਦੇ ਟ੍ਰੈਵਲ ਵਲੌਗਰ ਅਮਰੀਕ ਸਿੰਘ IB ਹਿਰਾਸਤ ‘ਚ
ਪਾਕਿਸਤਾਨ ਯਾਤਰਾ ਦੌਰਾਨ ਸ਼ੱਕੀ ਗਤੀਵਿਧੀਆਂ ਨੂੰ ਲੈ ਕੇ ਜਾਂਚ ਦੇ ਘੇਰ 'ਚ

ਪਾਕਿਸਤਾਨ ਦੀ ਯਾਤਰਾ ਤੋਂ 8 ਮਹੀਨੇ ਬਾਅਦ, ਪੰਜਾਬ ਦੇ ਜਲੰਧਰ ਦੇ ਮਸ਼ਹੂਰ ਟ੍ਰੈਵਲ ਵਲੌਗਰ ਅਮਰੀਕ ਸਿੰਘ ਨੂੰ ਇੰਟੈਲੀਜੈਂਸ ਬਿਊਰੋ (IB) ਦੇ ਗੁਪਤ ਇਨਪੁਟ ਦੇ ਆਧਾਰ ‘ਤੇ ਪੰਜਾਬ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੈ। ਉਨ੍ਹਾਂ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਯੂਟਿਊਬਰ ‘ਤੇ ਦੋਸ਼ ਹੈ ਕਿ ਉਨ੍ਹਾਂ ਦੀ ਪਾਕਿਸਤਾਨ ਯਾਤਰਾ ਦੌਰਾਨ ਕੁਝ ਸ਼ੱਕੀ ਗਤੀਵਿਧੀਆਂ ਸਾਹਮਣੇ ਆਈਆਂ, ਜਿਨ੍ਹਾਂ ਦੇ ਸੰਭਾਵਿਤ ਸੰਬੰਧ ਸਰਹੱਦ ਪਾਰ ਜਾਸੂਸੀ ਨੈੱਟਵਰਕ ਨਾਲ ਹੋ ਸਕਦੇ ਹਨ। ਹਾਲਾਂਕਿ, ਪੁਲਿਸ ਨੇ ਇਸ ਬਾਰੇ ਅਧਿਕਾਰਿਕ ਤੌਰ ‘ਤੇ ਕੁਝ ਨਹੀਂ ਕਿਹਾ।
ਅਮਰੀਕ ਦੇ ਘਰ ਤੋਂ IB ਟੀਮ ਨੇ ਇੱਕ ਡਿਜੀਟਲ ਡਿਵਾਈਸ ਕਬਜ਼ੇ ਵਿੱਚ ਲਿਆ। ਇਹ ਉਹੀ ਡਿਜੀਟਲ ਡਿਵਾਈਸ ਸੀ, ਜਿਸ ‘ਤੇ ਅਮਰੀਕ ਆਪਣੇ ਵੀਡੀਓ ਬਣਾਉਂਦਾ ਸੀ ਅਤੇ ਵੀਡੀਓ ਨਾਲ ਸੰਬੰਧਿਤ ਸਾਰਾ ਕੰਮ ਕਰਦਾ ਸੀ।
ਦਸੰਬਰ 2024 ਵਿੱਚ ਅਮਰੀਕ ਸਿੰਘ ਅਤੇ ਉਸ ਦੀ ਪਤਨੀ ਮਨਪ੍ਰੀਤ ਕੌਰ ਧਾਰਮਿਕ ਸੈਰ-ਸਪਾਟੇ ਦੇ ਤਹਿਤ ਪਾਕਿਸਤਾਨ ਗਏ ਸਨ। ਉੱਥੇ ਉਨ੍ਹਾਂ ਨੇ ਕਰਤਾਰਪੁਰ ਸਾਹਿਬ, ਨਨਕਾਣਾ ਸਾਹਿਬ ਅਤੇ ਲਾਹੌਰ ਦੇ ਇਤਿਹਾਸਕ ਸਥਾਨਾਂ ‘ਤੇ ਵੀਡੀਓ ਬਣਾਏ। ਅਮਰੀਕ ਦੇ ਚੈਨਲ ‘ਤੇ ਇਹ ਵੀਡੀਓ ਲੱਖਾਂ ਵਾਰ ਵੇਖੇ ਗਏ।
ਪਰ, ਏਜੰਸੀਆਂ ਨੂੰ ਸ਼ੱਕ ਹੈ ਕਿ ਇਸ ਯਾਤਰਾ ਦੌਰਾਨ ਉਸਦਾ ਸੰਪਰਕ ਕੁਝ ਅਜਿਹੇ ਲੋਕਾਂ ਨਾਲ ਹੋਇਆ, ਜੋ ਪਾਕ ਖੁਫੀਆ ਏਜੰਸੀ ISI ਲਈ ਕੰਮ ਕਰਦੇ ਹਨ। ਇਸ ਯਾਤਰਾ ਤੋਂ ਬਾਅਦ ਹੀ ਏਜੰਸੀਆਂ ਅਮਰੀਕ ਅਤੇ ਉਸ ਦੀਆਂ ਆਨਲਾਈਨ ਸਰਗਰਮੀਆਂ ‘ਤੇ ਨਜ਼ਰ ਰੱਖ ਰਹੀਆਂ ਸਨ।
EDITED BY- HARLEEN KAUR




