
ਅੰਮ੍ਰਿਤਸਰ ‘ਚ ਟ੍ਰੈਫਿਕ ਪੁਲਿਸ ਐਕਸ਼ਨ ਮੋਡ ਵਿੱਚ ਆ ਗਈ ਹੈ। ਹੁਣ ਜਿਹੜਾ ਵੀ ਵਿਅਕਤੀ ਸੜਕਾਂ ‘ਤੇ ਨਜਾਇਜ਼ ਕਬਜ਼ਾ ਕਰੇਗਾ, ਉਸ ਦੇ ਖਿਲਾਫ ਐਫਆਈਆਰ ਦਰਜ ਕੀਤੀ ਜਾਵੇਗੀ। ਟ੍ਰੈਫਿਕ ਪੁਲਿਸ ਨੇ ਦੱਸਿਆ ਕਿ ਮਾਮਲੇ ਬੀਐਨਐਸ 163 ਅਤੇ 295 ਦੇ ਤਹਿਤ ਦਰਜ ਕੀਤੇ ਜਾਣਗੇ।
ਅੱਜ ਅੰਮ੍ਰਿਤਸਰ ਟਰੈਫਿਕ ਪੁਲਿਸ ਅਤੇ ਮੁਨਸੀਪਲ ਕੋਰਪੋਰੇਸ਼ਨ ਦੀ ਟੀਮ ਨੇ ਮਜੀਠਾ ਰੋਡ ਇਲਾਕੇ ‘ਚ ਕਾਰਵਾਈ ਕਰਦਿਆਂ ਸੜਕਾਂ ‘ਤੇ ਕੀਤੇ ਨਜਾਇਜ਼ ਕਬਜ਼ੇ ਹਟਾਏ। ਇਸ ਦੌਰਾਨ ਦੁਕਾਨਦਾਰਾਂ ਨੂੰ ਚੇਤਾਵਨੀ ਵੀ ਦਿੱਤੀ ਗਈ ਕਿ ਜੇ ਅੱਗੇ ਤੋਂ ਵੀ ਸੜਕਾਂ ‘ਤੇ ਕਬਜ਼ੇ ਕੀਤੇ ਗਏ ਤਾਂ ਸਖ਼ਤ ਕਾਰਵਾਈ ਹੋਵੇਗੀ ਅਤੇ ਸਿੱਧਾ ਪਰਚਾ ਦਰਜ ਕੀਤਾ ਜਾਵੇਗਾ।
ਏਡੀਸੀਪੀ ਟਰੈਫਿਕ ਅਮਨਦੀਪ ਕੌਰ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਵੱਖ-ਵੱਖ ਇਲਾਕਿਆਂ ‘ਚ ਵਾਰ-ਵਾਰ ਇਹ ਡਰਾਈਵ ਚਲਾਈ ਜਾ ਰਹੀ ਹੈ ਤਾਂ ਜੋ ਟਰੈਫਿਕ ਸਮੱਸਿਆ ਨੂੰ ਕਾਬੂ ਕੀਤਾ ਜਾ ਸਕੇ। ਉਨ੍ਹਾਂ ਨੇ ਅੰਮ੍ਰਿਤਸਰ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਦੁਕਾਨਦਾਰ ਵੱਲੋਂ ਸੜਕਾਂ ‘ਤੇ ਨਜਾਇਜ਼ ਕਬਜ਼ਾ ਕੀਤਾ ਜਾ ਰਿਹਾ ਹੈ ਤਾਂ ਉਸਦੀ ਫੋਟੋ ਸਾਂਝੀ ਕਰੋ, ਅਸੀਂ ਉਸ ਦੇ ਖਿਲਾਫ ਤੁਰੰਤ ਕਾਰਵਾਈ ਕਰਾਂਗੇ।




