
ਪੰਜਾਬ ਦੇ ਵੱਧ ਤੋਂ ਵੱਧ ਤਾਪਮਾਨ ‘ਚ 0.2 ਡਿਗਰੀ ਤੇ ਘੱਟੋ-ਘੱਟ ਤਾਪਮਾਨ ‘ਚ 0.7 ਡਿਗਰੀ ਦੀ ਕਮੀ ਦਰਜ ਕੀਤੀ ਗਈ ਹੈ। ਪਰ ਰਾਤ ਦਾ ਤਾਪਮਾਨ ਅਜੇ ਵੀ ਆਮ ਤੌਰ ‘ਤੇ 2.8 ਡਿਗਰੀ ਵੱਧ ਬਣਿਆ ਹੋਇਆ ਹੈ। ਕੱਲ੍ਹ ਤੋਂ ਸਰਗਰਮ ਹੋ ਰਹੇ Western Disturbance ਕਾਰਨ ਅਗਲੇ ਦੋ ਦਿਨ ਮੀਂਹ ਦੇ ਆਸਾਰ ਹਨ, ਜਿਸ ਤੋਂ ਬਾਅਦ ਤਾਪਮਾਨ ਹੋਰ ਘੱਟਣ ਦੀ ਸੰਭਾਵਨਾ ਹੈ।
ਦੂਜੇ ਪਾਸੇ, ਮੌਸਮ ਸਧਾਰਨ ਹੋਣ ਦੇ ਬਾਵਜੂਦ ਪ੍ਰਦੂਸ਼ਣ ਲੋਕਾਂ ਦਾ ਦਮ ਘੁੱਟ ਰਿਹਾ ਹੈ। ਧੂੰਏ ਕਰਕੇ ਲੋਕਾਂ ਦੀਆਂ ਅੱਖਾਂ ‘ਚ ਜਲਨ ਹੋ ਰਹੀ ਹੈ। 2 ਨਵੰਬਰ ਨੂੰ ਰਾਜ ‘ਚ 178 ਥਾਵਾਂ ‘ਤੇ ਪਰਾਲੀ ਸਾੜਨ ਦੇ ਮਾਮਲੇ ਦਰਜ ਹੋਏ ਹਨ। ਇਨ੍ਹਾਂ ‘ਚ ਸਭ ਤੋਂ ਵੱਧ ਪਰਾਲੀ ਫਿਰੋਜ਼ਪੁਰ ‘ਚ ਸਾੜੀ ਗਈ, ਜਿੱਥੇ 29 ਮਾਮਲੇ ਸਾਹਮਣੇ ਆਏ। ਇਸ ਤੋਂ ਇਲਾਵਾ ਤਰਨਤਾਰਨ ‘ਚ 21, ਮੁਕਤਸਰ ‘ਚ 20, ਸੰਗਰੂਰ ‘ਚ 17, ਅੰਮ੍ਰਿਤਸਰ ਅਤੇ ਕਪੂਰਥਲਾ ‘ਚ 12-12 ਮਾਮਲੇ ਸਾਹਮਣੇ ਆਏ ਹਨ।
15 ਸਤੰਬਰ ਤੋਂ 2 ਨਵੰਬਰ ਤੱਕ ਪਰਾਲੀ ਸਾੜਨ ਦੇ ਕੁੱਲ ਮਾਮਲੇ 2262 ਹੋ ਚੁੱਕੇ ਹਨ। ਇਨ੍ਹਾਂ ‘ਚ ਸਭ ਤੋਂ ਵੱਧ ਮਾਮਲੇ ਤਰਨਤਾਰਨ ‘ਚ 444, ਸੰਗਰੂਰ ‘ਚ 406, ਫਿਰੋਜ਼ਪੁਰ ‘ਚ 236, ਅੰਮ੍ਰਿਤਸਰ ‘ਚ 224, ਬਠਿੰਡਾ ‘ਚ 144, ਪਟਿਆਲਾ ‘ਚ 136 ਅਤੇ ਕਪੂਰਥਲਾ ‘ਚ 96 ਦਰਜ ਕੀਤੇ ਗਏ ਹਨ।
4 ਨਵੰਬਰ ਨੂੰ ਪੰਜਾਬ ਦੇ ਤਿੰਨ ਜ਼ਿਲ੍ਹਿਆਂ ‘ਚ ਮੀਂਹ ਪੈਣ ਦੇ ਆਸਾਰ ਹਨ। ਪਠਾਨਕੋਟ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ। ਇਸ ਤੋਂ ਇਲਾਵਾ, 5 ਨਵੰਬਰ ਨੂੰ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਨਵਾਂਸ਼ਹਿਰ ਤੇ ਰੂਪਨਗਰ ਵਿੱਚ ਵੀ ਮੀਂਹ ਦੇ ਚਾਂਸ ਬਣ ਰਹੇ ਹਨ। ਇਹਨਾਂ ਦਿਨਾਂ ਦੌਰਾਨ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਪੰਜਾਬ ਦੇ ਮੁੱਖ ਸ਼ਹਿਰਾਂ ‘ਚ ਮੌਸਮ ਸਾਫ਼ ਅਤੇ ਧੁੱਪ ਵਾਲਾ ਰਹੇਗਾ। ਅੰਮ੍ਰਿਤਸਰ ਵਿੱਚ ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ 16 ਡਿਗਰੀ ਰਹੇਗਾ, ਮੌਸਮ ਸਾਫ਼ ਰਹੇਗਾ ਅਤੇ ਧੁੱਪ ਖਿਲੇਗੀ। ਜਲੰਧਰ ਵਿੱਚ ਵੀ 30 ਡਿਗਰੀ ਵੱਧ ਤੋਂ ਵੱਧ ਅਤੇ 16 ਡਿਗਰੀ ਘੱਟ ਤੋਂ ਘੱਟ ਤਾਪਮਾਨ ਰਹੇਗਾ, ਹਲਕੀ ਧੁੱਪ ਰਹੇਗੀ। ਲੁਧਿਆਣਾ ਵਿੱਚ ਵੀ ਧੁੱਪਦਾਰ ਮੌਸਮ ਰਹੇਗਾ, ਤਾਪਮਾਨ 30 ਅਤੇ 16 ਡਿਗਰੀ ਦਰਜ ਕੀਤਾ ਗਿਆ ਹੈ। ਪਟਿਆਲਾ ਵਿੱਚ ਮੌਸਮ ਸਾਫ਼ ਰਹੇਗਾ, ਤਾਪਮਾਨ ਵੀ 30 ਅਤੇ 16 ਡਿਗਰੀ ਦੇ ਆਸਪਾਸ ਰਹੇਗਾ। ਮੋਹਾਲੀ ਵਿੱਚ ਮੌਸਮ ਸਾਫ਼ ਤੇ ਸੁੱਕਾ ਰਹੇਗਾ, ਇੱਥੇ ਵੱਧ ਤੋਂ ਵੱਧ ਤਾਪਮਾਨ 30 ਅਤੇ ਘੱਟ ਤੋਂ ਘੱਟ 18 ਡਿਗਰੀ ਸੈਲਸੀਅਸ ਰਹੇਗਾ।
EDITED BY- HARLEEN KAUR


