ਪੰਜਾਬ ‘ਚ ਡਿੱਗਿਆ ਤਾਪਮਾਨ, ਵਧੇਗੀ ਠੰਢ

ਵੈਸਟਰਨ ਡਿਸਟਰਬੈਂਸ ਤੋਂ ਬਾਅਦ ਹੋਈ ਵਰਖਾ ਨੇ ਪੰਜਾਬ ਦੇ ਮੌਸਮ ਦਾ ਮਿਜਾਜ ਬਦਲ ਦਿੱਤਾ ਹੈ। ਪਿਛਲੇ 24 ਘੰਟਿਆਂ ਵਿੱਚ ਦਿਨ ਦਾ ਤਾਪਮਾਨ 0.6 ਡਿਗਰੀ ਤੱਕ ਘੱਟਿਆ ਹੈ। ਇਸ ਵੇਲੇ ਦਿਨ ਦਾ ਵੱਧ ਤੋਂ ਵੱਧ ਪਾਰਾ ਆਮ ਤੌਰ ‘ਤੇ ਮੁਕਾਬਲੇ 1.7 ਡਿਗਰੀ ਘੱਟ ਦਰਜ ਹੋ ਰਿਹਾ ਹੈ। ਮੌਸਮ ਵਿਭਾਗ ਦੇ ਅਨੁਸਾਰ, ਅਗਲੇ ਦੋ ਦਿਨ ਤਾਪਮਾਨ ਵਿੱਚ ਹੌਲੀ ਹੌਲੀ ਹੋਰ ਵੀ ਕਮੀ ਆ ਸਕਦੀ ਹੈ।
ਦੂਜੇ ਪਾਸੇ, ਰਾਤ ਦਾ ਤਾਪਮਾਨ ਜੋ ਆਮ ਤੌਰ ‘ਤੇ ਵੱਧ ਚੱਲ ਰਿਹਾ ਸੀ, ਉਸ ਵਿੱਚ ਵੀ 4 ਡਿਗਰੀ ਦੀ ਗਿਰਾਵਟ ਆਈ ਹੈ। ਇਸ ਤੋਂ ਬਾਅਦ ਸੂਬੇ ਦਾ ਘੱਟ ਤੋਂ ਘੱਟ ਤਾਪਮਾਨ ਆਮ ਦਰ ‘ਤੇ ਦਰਜ ਹੋਇਆ ਹੈ। ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਹੁਣ ਸੂਬੇ ਵਿੱਚ ਹੌਲੀ-ਹੌਲੀ ਠੰਢ ਵਧੇਗੀ। ਇਹ ਸਰਦੀ ਦੀ ਪਹਿਲੀ ਦਸਤਕ ਮੰਨੀ ਜਾ ਰਹੀ ਹੈ। ਪਹਾੜੀ ਇਲਾਕਿਆਂ ‘ਚ ਹੋਈ ਬਰਫਬਾਰੀ ਕਾਰਨ ਪੰਜਾਬ ਵਿੱਚ ਠੰਢੀਆਂ ਹਵਾਵਾਂ ਚਲਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਪੰਜਾਬ ਦੇ ਘੱਟੋ-ਘੱਟ ਤਾਪਮਾਨ ‘ਚ 4 ਡਿਗਰੀ ਦੀ ਗਿਰਾਵਟ ਦੇ ਬਾਅਦ ਸੂਬੇ ਦੇ ਜ਼ਿਆਦਾਤਰ ਸ਼ਹਿਰਾਂ ਦਾ ਤਾਪਮਾਨ 10 ਤੋਂ 12 ਡਿਗਰੀ ਦੇ ਵਿਚਕਾਰ ਬਣਿਆ ਹੋਇਆ ਹੈ। ਸਭ ਤੋਂ ਘੱਟ ਤਾਪਮਾਨ ਫਰੀਦਕੋਟ ‘ਚ 7.9 ਡਿਗਰੀ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਜ਼ਿਆਦਾਤਰ ਜ਼ਿਲ੍ਹਿਆਂ ਦਾ ਵੱਧ ਤੋਂ ਵੱਧ ਤਾਪਮਾਨ ਵੀ 26 ਤੋਂ 29 ਡਿਗਰੀ ਦੇ ਵਿਚਕਾਰ ਰਿਹਾ। ਸਭ ਤੋਂ ਵੱਧ ਤਾਪਮਾਨ ਲੁਧਿਆਣਾ ਦੇ ਸਮਰਾਲਾ ‘ਚ ਦਰਜ ਹੋਇਆ, ਜੋ 30.7 ਡਿਗਰੀ ਰਿਹਾ। ਅੰਮ੍ਰਿਤਸਰ ਦਾ ਘੱਟੋ-ਘੱਟ ਤਾਪਮਾਨ 10.7 ਡਿਗਰੀ, ਲੁਧਿਆਣਾ ਦਾ 14.4 ਡਿਗਰੀ, ਪਟਿਆਲਾ ਦਾ 18.4 ਡਿਗਰੀ, ਬਠਿੰਡਾ ਦਾ 12 ਡਿਗਰੀ ਤੇ ਗੁਰਦਾਸਪੁਰ ਦਾ 11.8 ਡਿਗਰੀ ਦਰਜ ਕੀਤਾ ਗਿਆ ਹੈ।
EDITED BY- HARLEEN KAUR



