ਪੰਜਾਬ ‘ਚ ਵੱਧੀ ਠੰਡ

ਪੰਜਾਬ ‘ਚ ਤਾਪਮਾਨ ਵਿੱਚ ਕਮੀ ਲਗਾਤਾਰ ਜਾਰੀ ਹੈ। ਐਤਵਾਰ ਨੂੰ ਨਿਊਨਤਮ ਤਾਪਮਾਨ ‘ਚ 0.2 ਡਿਗਰੀ ਦੀ ਕਮੀ ਦਰਜ ਕੀਤੀ ਗਈ, ਜਿਸ ਤੋਂ ਬਾਅਦ ਤਾਪਮਾਨ ਸਧਾਰਨ ਨਾਲੋਂ 1.7 ਡਿਗਰੀ ਘੱਟ ਰਿਹਾ। ਅਧਿਕਤਮ ਤਾਪਮਾਨ ਵੀ ਪਿਛਲੇ ਦਿਨ ਨਾਲੋਂ 0.3 ਡਿਗਰੀ ਘੱਟ ਰਿਹਾ। ਰਾਜ ‘ਚ ਸਭ ਤੋਂ ਘੱਟ ਤਾਪਮਾਨ ਫਰੀਦਕੋਟ ਵਿੱਚ 8 ਡਿਗਰੀ ਦਰਜ ਕੀਤਾ ਗਿਆ, ਜੋ ਸ਼ਿਮਲਾ ਅਤੇ ਧਰਮਸ਼ਾਲਾ ਦੇ ਤਾਪਮਾਨ ਦੇ ਬਰਾਬਰ ਹੈ।
ਮੌਸਮ ਵਿਗਿਆਨ ਕੇਂਦਰ ਅਨੁਸਾਰ ਪੰਜਾਬ ਦੇ ਤਾਪਮਾਨ ਵਿੱਚ ਅੱਜ ਵੀ ਹਲਕੀ ਕਮੀ ਆ ਸਕਦੀ ਹੈ। ਅਗਲੇ ਦੋ ਹਫ਼ਤਿਆਂ ਤੱਕ ਮੌਸਮ ਸੁੱਕਾ ਰਹਿਣ ਦਾ ਅਨੁਮਾਨ ਹੈ। ਜੇਕਰ ਮੀਂਹ ਨਹੀਂ ਪੈਂਦਾ, ਤਾਂ ਪ੍ਰਦੂਸ਼ਣ ਤੋਂ ਪੂਰੀ ਰਾਹਤ ਮਿਲਣ ਦੀ ਸੰਭਾਵਨਾ ਨਹੀਂ ਹੈ, ਹਾਲਾਂਕਿ ਹਵਾਵਾਂ ਦੀ ਦਿਸ਼ਾ ਬਦਲਣ ਕਾਰਨ ਥੋੜ੍ਹੀ ਰਾਹਤ ਜ਼ਰੂਰ ਮਿਲੀ ਹੈ।
ਪਿਛਲੇ 24 ਘੰਟਿਆਂ ਵਿੱਚ ਪ੍ਰਦੂਸ਼ਣ ਦਾ ਪੱਧਰ ਕੁਝ ਘਟਿਆ ਹੈ, ਪਰ ਇਹ ਸਿਰਫ਼ ਥੋੜ੍ਹੇ ਸਮੇਂ ਲਈ ਹੀ ਹੈ। ਪ੍ਰਦੂਸ਼ਣ ਤੋਂ ਪੂਰੀ ਤਰ੍ਹਾਂ ਰਾਹਤ ਸਿਰਫ਼ ਮੀਂਹ ਪੈਣ ਤੋਂ ਬਾਅਦ ਹੀ ਸੰਭਵ ਹੋਵੇਗੀ।
ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਹਵਾ ਦੀ ਗੁਣਵੱਤਾ (AQI) ਦੀ ਸਥਿਤੀ ਚਿੰਤਾਜਨਕ ਦਿਖਾਈ ਦੇ ਰਹੀ ਹੈ। ਰਾਤ 11 ਵਜੇ ਤੱਕ ਦੇ ਅੰਕੜਿਆਂ ਅਨੁਸਾਰ, ਕਈ ਸ਼ਹਿਰਾਂ ਦਾ AQI ਖ਼ਤਰਨਾਕ ਪੱਧਰ ‘ਤੇ ਪਹੁੰਚ ਗਿਆ। ਅੰਮ੍ਰਿਤਸਰ ਦਾ AQI 132 ਰਿਹਾ ਜਦਕਿ 24 ਘੰਟਿਆਂ ‘ਚ ਇਹ ਵੱਧ ਕੇ 288 ਤੱਕ ਗਿਆ। ਬਠਿੰਡਾ ਦਾ AQI 124 ਰਿਹਾ ਤੇ ਸਭ ਤੋਂ ਵੱਧ 235 ਦਰਜ ਹੋਇਆ। ਜਲੰਧਰ 189 ਤੱਕ ਰਿਹਾ, ਜੋ ਵੱਧ ਕੇ 304 ਤੱਕ ਗਿਆ। ਖੰਨਾ ਦਾ ਪੱਧਰ 201 ਤੋਂ ਵੱਧ ਕੇ 323 ਤੱਕ ਪਹੁੰਚਿਆ। ਲੁਧਿਆਣਾ ਵਿੱਚ AQI 196 ਤੋਂ 240, ਮੰਡੀ ਗੋਬਿੰਦਗੜ੍ਹ ਵਿੱਚ 213 ਤੋਂ 344, ਅਤੇ ਪਟਿਆਲਾ ਵਿੱਚ 170 ਤੋਂ 422 ਤੱਕ ਰਿਹਾ। ਰੂਪਨਗਰ ਦਾ AQI ਸਭ ਤੋਂ ਘੱਟ 83 ਦਰਜ ਕੀਤਾ ਗਿਆ, ਪਰ 24 ਘੰਟਿਆਂ ਦੇ ਦੌਰਾਨ ਇਹ ਵੀ 447 ਤੱਕ ਚੜ੍ਹ ਗਿਆ।
ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਵਿੱਚ ਹਵਾ ਪ੍ਰਦੂਸ਼ਣ ਦਾ ਪੱਧਰ ਖ਼ਤਰਨਾਕ ਹੱਦਾਂ ਤੱਕ ਪਹੁੰਚ ਚੁੱਕਾ ਹੈ, ਜਿਸ ਕਾਰਨ ਲੋਕਾਂ ਦੀ ਸਿਹਤ ‘ਤੇ ਨਕਾਰਾਤਮਕ ਅਸਰ ਪੈਣ ਦਾ ਖਤਰਾ ਵੱਧ ਗਿਆ ਹੈ।
EDITED BY- HARLEEN KAUR


