ਪੰਜਾਬ-ਚੰਡੀਗੜ੍ਹ ‘ਚ ਵਧੀ ਠੰਡ

ਪੰਜਾਬ ਅਤੇ ਚੰਡੀਗੜ੍ਹ ‘ਚ ਠੰਢ ਹੋਰ ਵੱਧ ਗਈ ਹੈ। ਕਈ ਇਲਾਕਿਆਂ ‘ਚ ਸਵੇਰੇ-ਸ਼ਾਮ ਹਲਕੀ ਧੁੰਦ ਪੈ ਰਹੀ ਹੈ ਤੇ ਸੁੱਕੀਆਂ ਹਵਾਵਾਂ ਚੱਲ ਰਹੀਆਂ ਹਨ। ਮੌਸਮ ਵਿਭਾਗ ਦੇ ਮੁਤਾਬਕ ਪਿਛਲੇ 24 ਘੰਟਿਆਂ ਵਿੱਚ ਰਾਜ ਦੇ ਘੱਟੋ-ਘੱਟ ਤਾਪਮਾਨ ‘ਚ 0.5 ਡਿਗਰੀ ਦੀ ਕਮੀ ਦਰਜ ਕੀਤੀ ਗਈ ਹੈ, ਜੋ ਹੁਣ ਨਾਰਮਲ ਦੇ ਨੇੜੇ ਪਹੁੰਚ ਚੁੱਕਿਆ ਹੈ। ਸਾਰੇ ਜ਼ਿਲਿਆਂ ਵਿੱਚ ਨਿਊਨਤਮ ਤਾਪਮਾਨ ਘਟਿਆ ਹੈ। ਫਰੀਦਕੋਟ ਸਭ ਤੋਂ ਠੰਢਾ ਜ਼ਿਲ੍ਹਾ ਰਿਹਾ, ਜਿੱਥੇ ਘੱਟੋ-ਘੱਟ ਤਾਪਮਾਨ 4 ਡਿਗਰੀ ਦਰਜ ਕੀਤਾ ਗਿਆ ਹੈ।
ਮੌਸਮ ਵਿਭਾਗ ਦੇ ਮੁਤਾਬਕ ਅਗਲੇ ਸੱਤ ਦਿਨਾਂ ਵਿੱਚ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਮੌਸਮ ਸੁੱਕਾ ਹੀ ਰਹੇਗਾ। ਕੁਝ ਇਲਾਕਿਆਂ ਵਿੱਚ ਹਲਕੀ ਧੁੰਦ ਪੈ ਸਕਦੀ ਹੈ। ਰਾਤ ਦਾ ਤਾਪਮਾਨ ਜਿਵੇਂ ਇਸ ਵੇਲੇ ਚੱਲ ਰਿਹਾ ਹੈ, ਤਕਰੀਬਨ ਉਸੇ ਤਰ੍ਹਾਂ ਕਾਇਮ ਰਹੇਗਾ। ਕਿਸੇ ਵੱਡੇ ਬਦਲਾਅ ਦੀ ਉਮੀਦ ਨਹੀਂ ਹੈ। ਇਸ ਤੋਂ ਇਲਾਵਾ ਅਗਲੇ ਦੋ ਦਿਨ ਦਿੱਲੀ–ਅੰਬਾਲਾ ਹਾਈਵੇਅ ਤੇ ਅੰਬਾਲਾ–ਅੰਮ੍ਰਿਤਸਰ ਹਾਈਵੇਅ ‘ਤੇ ਮੌਸਮ ਪੂਰੀ ਤਰ੍ਹਾਂ ਸਾਫ਼ ਰਹੇਗਾ ਅਤੇ ਆਵਾਜਾਈ ‘ਤੇ ਕਿਸੇ ਤਰ੍ਹਾਂ ਦਾ ਅਸਰ ਹੋਣ ਦੀ ਸੰਭਾਵਨਾ ਨਹੀਂ ਹੈ।
ਪੰਜਾਬ ਵਿੱਚ ਇਸ ਵੇਲੇ ਹਵਾ ਦੀ ਗੁਣਵੱਤਾ ਕਾਫ਼ੀ ਖਰਾਬ ਚੱਲ ਰਹੀ ਹੈ। ਰੂਪਨਗਰ ਨੂੰ ਛੱਡ ਕੇ ਬਾਕੀ ਸਾਰੇ ਸ਼ਹਿਰਾਂ ਦਾ AQI 100 ਤੋਂ ਵੱਧ ਦਰਜ ਕੀਤਾ ਗਿਆ ਹੈ। ਮੰਡੀ ਗੋਬਿੰਦਗੜ੍ਹ ਦੀ ਹਵਾ ਸਭ ਤੋਂ ਜ਼ਿਆਦਾ ਪ੍ਰਦੂਸ਼ਿਤ ਹੈ।
ਅੰਮ੍ਰਿਤਸਰ ਦਾ AQI ਸਵੇਰੇ 6 ਵਜੇ 196 ਦਰਜ ਕੀਤਾ ਗਿਆ, ਜਦਕਿ ਬਠਿੰਡਾ ਦਾ AQI 159, ਜਲੰਧਰ ਦਾ 133 ਅਤੇ ਖੰਨਾ ਦਾ AQI 142 ਤੱਕ ਪਹੁੰਚ ਗਿਆ ਹੈ।
ਇਸੇ ਤਰ੍ਹਾਂ ਲੁਧਿਆਣਾ ਦਾ AQI 122, ਮੰਡੀ ਗੋਬਿੰਦਗੜ੍ਹ ਦਾ 213, ਪਟਿਆਲਾ ਦਾ 135 ਅਤੇ ਰੂਪਨਗਰ ਦਾ AQI 62 ਦਰਜ ਹੋਇਆ ਹੈ। ਚੰਡੀਗੜ੍ਹ ਦੇ ਸੈਕਟਰ-22 ਅਤੇ ਸੈਕਟਰ-55 ਦਾ AQI 155 ਅਤੇ ਸੈਕਟਰ-53 ਵਿੱਚ AQI 153 ਰਿਕਾਰਡ ਕੀਤਾ ਗਿਆ ਹੈ।
ਅਜਿਹੇ ਹਾਲਾਤਾਂ ਵਿੱਚ ਲੋਕਾਂ ਨੂੰ ਆਪਣੀ ਸਿਹਤ ਦਾ ਖ਼ਾਸ ਧਿਆਨ ਰੱਖਣ ਦੀ ਲੋੜ ਹੈ।
EDITED BY- HARLEEN KAUR




