
ਵਿਜੀਲੈਂਸ ਬਿਊਰੋ ਜੋ ਕਿ ਲਗਾਤਾਰ ਪੰਜਾਬ ਦੇ ਵਿੱਚ ਰਿਸ਼ਵਤਖੋਰੀ ਦਾ ਧੰਦਾ ਚਲਾ ਰਹੇ ਮੁਲਾਜ਼ਮਾਂ ਦੇ ਪਰਦਾਫਾਸ਼ ਕਰਕੇ ਕਾਬੂ ਕਰ ਰਹੇ ਹਨ। ਨਵਾਂ ਮਾਮਲਾ ਦਸੂਹਾ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਪੀ.ਐੱਸ.ਪੀ.ਸੀ.ਐੱਲ. (PSPCL) ਦੇ ਜੂਨੀਅਰ ਇੰਜੀਨੀਅਰ ਨਿਰਮਲ ਸਿੰਘ ਅਤੇ ਸਰਕਾਰੀ ਮੰਨਜ਼ੂਰਸ਼ੁਦਾ ਠੇਕੇਦਾਰ ਸਤਨਾਮ ਸਿੰਘ ਨੂੰ 15,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥਾਂ ਗ੍ਰਿਫ਼ਤਾਰ ਕੀਤਾ ਹੈ। ਸਰਕਾਰੀ ਪ੍ਰਵਕਤਾ ਦੇ ਅਨੁਸਾਰ, ਸ਼ਿਕਾਇਤਕਾਰ ਜੋ ਦਸੂਹਾ ਦੀ ਤਹਿਸੀਲ ਦਾ ਨਿਵਾਸੀ ਅਤੇ ਟੈਕਸੀ ਚਾਲਕ ਹੈ, ਕੋਲ ਪਿੰਡ ਵਿੱਚ 13 ਮਰਲੇ ਦਾ ਪਲਾਟ ਹੈ, ਜਿਸ ਵਿੱਚੋਂ 3-ਫੇਜ਼ ਤਾਰਾਂ ਗੁਆਂਢ ਦੇ ਕੰਤਾ ਪੁੱਤਰ ਦੇਸਾ ਸਿੰਘ ਦੀ ਮੋਟਰ ਤੱਕ ਜਾਂਦੀਆਂ ਸਨ। ਸ਼ਿਕਾਇਤਕਾਰ ਨੇ ਪੀ.ਐੱਸ.ਪੀ.ਸੀ.ਐੱਲ. ਸਬ-ਡਿਵੀਜ਼ਨ ਦਸੂਹਾ ਵਿੱਚ ਅਰਜ਼ੀ ਦੇ ਕੇ ਇਹ ਤਾਰਾਂ ਪਲਾਟ ਦੇ ਇਕ ਪਾਸੇ ਤਬਦੀਲ ਕਰਨ ਦੀ ਮੰਗ ਕੀਤੀ ਸੀ।
ਹਾਲਾਂਕਿ ਠੇਕੇਦਾਰ ਨੇ ਮੰਨਜ਼ੂਰਸ਼ੁਦਾ ਨਕਸ਼ੇ ਦੇ ਅਨੁਸਾਰ ਤਾਰਾਂ ਬਦਲ ਦਿੱਤੀਆਂ ਸਨ, ਪਰ ਸ਼ਿਕਾਇਤਕਾਰ ਨੇ ਉਸੇ ਦਿਨ ਰਿਸ਼ਵਤ ਨਹੀਂ ਦਿੱਤੀ। ਇਸ ਤੋਂ ਬਾਅਦ ਦੋਵੇਂ ਆਰੋਪੀਆਂ ਨੇ ਵਾਰ-ਵਾਰ ਫ਼ੋਨ ਕਰਕੇ ਰਿਸ਼ਵਤ ਦੀ ਮੰਗ ਕੀਤੀ। ਸ਼ਿਕਾਇਤਕਾਰ ਨੇ ਪੂਰੀ ਗੱਲਬਾਤ ਆਪਣੇ ਮੋਬਾਈਲ ਵਿੱਚ ਰਿਕਾਰਡ ਕਰ ਲਈ ਅਤੇ ਸਬੂਤਾਂ ਦੇ ਨਾਲ ਵਿਜੀਲੈਂਸ ਬਿਊਰੋ ਨਾਲ ਸੰਪਰਕ ਕੀਤਾ।
ਜਾਂਚ ਤੋਂ ਬਾਅਦ ਵਿਜੀਲੈਂਸ ਬਿਊਰੋ ਯੂਨਿਟ ਜਲੰਧਰ ਨੇ ਯੋਜਨਾ ਬਣਾ ਕੇ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਦੋਵੇਂ ਆਰੋਪੀਆਂ ਨੂੰ ਸ਼ਿਕਾਇਤਕਾਰ ਤੋਂ 15,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਫੜ ਲਿਆ। ਦੋਵੇਂ ਦੇ ਖ਼ਿਲਾਫ਼ ਭ੍ਰਿਸ਼ਟਾਚਾਰ ਨਿਰੋਧਕ ਅਧਿਨਿਯਮ ਦੀ ਸੰਬੰਧਿਤ ਧਾਰਾਵਾਂ ਅਧੀਨ ਵਿਜੀਲੈਂਸ ਬਿਊਰੋ ਰੇਂਜ ਜਲੰਧਰ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ।
EDITED BY- HARLEEN KAUR



