
ਲੁਧਿਆਣਾ ਦੇ ਸਾਹਨੇਵਾਲ ਵਿੱਚ ਹੋਏ ਇੱਕ ਦਰਦਨਾਕ ਸੜਕ ਹਾਦਸੇ ਨੇ ਇਨਸਾਨੀਅਤ ਨੂੰ ਮੁੜ ਤੋਂ ਸ਼ਰਮਸਾਰ ਕਰ ਦਿੱਤਾ। ਜਾਣਕਾਰੀ ਮੁਤਾਬਕ, ਧੀ ਦੇ ਵਿਆਹ ਤੋਂ ਖੁਸ਼ੀ-ਖੁਸ਼ੀ ਵਾਪਸ ਘਰ ਆ ਰਿਹਾ ਇੱਕ ਪਰਿਵਾਰ ਕੁਝ ਮਿੰਟਾਂ ਅੰਦਰ ਹੀ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ਨੇ ਨਾ ਸਿਰਫ਼ ਉਹਨਾਂ ਦੀਆਂ ਖੁਸ਼ੀਆਂ ਖੋਹ ਲਈਆਂ, ਸਗੋਂ ਹਾਦਸੇ ਤੋਂ ਬਾਅਦ ਲੋਕਾਂ ਦੇ ਅਣਮਨੁੱਖੀ ਵਰਤਾਅ ਨੇ ਪੂਰੇ ਸੂਬੇ ਨੂੰ ਹੈਰਾਨ ਕਰ ਦਿੱਤਾ।
ਦੱਸਿਆ ਜਾ ਰਿਹਾ ਹੈ ਕਿ ਸਮਾਰੋਹ ਤੋਂ ਵਾਪਸੀ ਦੌਰਾਨ 5 ਲੋਕਾਂ ਨਾਲ ਭਰੀ ਇੱਕ ਕਾਰ ਸਾਹਨੇਵਾਲ ਇਲਾਕੇ ਵਿੱਚ ਇੱਕ ਟਰਾਲੇ ਨਾਲ ਜ਼ੋਰਦਾਰ ਟੱਕਰ ਦਾ ਸ਼ਿਕਾਰ ਹੋ ਗਈ। ਇਸ ਦਿਲ ਦਹਿਲਾ ਦੇਣ ਵਾਲੇ ਹਾਦਸੇ ਵਿੱਚ ਪਤੀ-ਪਤਨੀ ਸਮੇਤ 3 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਦੋ ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਪਰਿਵਾਰ ਹਾਲ ਹੀ ਵਿੱਚ ਬੇਟੀ ਦੀਆਂ ਖੁਸ਼ੀਆਂ ਵਿੱਚ ਮਸਤ ਸੀ, ਪਰ ਪਲ ਭਰ ਵਿੱਚ ਹੀ ਸਾਰੀਆਂ ਖੁਸ਼ੀਆਂ ਮਾਤਮ ਵਿੱਚ ਬਦਲ ਗਈਆਂ।
ਹਾਦਸੇ ਤੋਂ ਵੀ ਵੱਧ ਸ਼ਰਮਨਾਕ ਗੱਲ ਇਹ ਸਾਹਮਣੇ ਆਈ ਕਿ ਮੌਕੇ ‘ਤੇ ਮੌਜੂਦ ਕਈ ਲੋਕ ਮਦਦ ਕਰਨ ਦੀ ਬਜਾਏ ਮਰੇ ਹੋਏ ਅਤੇ ਜ਼ਖ਼ਮੀ ਲੋਕਾਂ ਦੇ ਸਮਾਨ ‘ਤੇ ਟੁੱਟ ਪਏ। ਜਾਣਕਾਰੀ ਮੁਤਾਬਕ, ਲੋਕ ਲਗਭਗ 3 ਲੱਖ ਰੁਪਏ ਨਕਦ, ਕਰੀਬ 15 ਤੋਲਾ ਸੋਨਾ, ਆਈਫ਼ੋਨ, ਐਪਲ ਵਾਚ ਅਤੇ ਸ਼ਗਨਾਂ ਵਾਲੇ ਲਿਫ਼ਾਫੇ ਤੱਕ ਲੁੱਟ ਕੇ ਲੈ ਗਏ।
ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਜਦੋਂ ਉਹਨਾਂ ਨੂੰ ਮੌਕੇ ‘ਤੇ ਗੱਡੀ ਅਤੇ ਲਾਸ਼ਾਂ ਮਿਲੀਆਂ, ਤਾਂ ਉਨ੍ਹਾਂ ਵਿੱਚੋਂ ਗਹਿਣੇ ਅਤੇ ਹੋਰ ਕੀਮਤੀ ਸਮਾਨ ਗਾਇਬ ਸੀ। ਇਹ ਸੁਣ ਕੇ ਹਰ ਕੋਈ ਦੰਗ ਰਹਿ ਗਿਆ ਕਿ ਕਿਸੇ ਦੀ ਮੌਤ ਅਤੇ ਦਰਦ ਦੇ ਬਾਵਜੂਦ ਵੀ ਲੋਕ ਚੋਰੀ ਕਰਨ ਤੋਂ ਨਹੀਂ ਰੁਕੇ।
ਇਹ ਪਰਿਵਾਰ ਫਤਿਹਗੜ੍ਹ ਸਾਹਿਬ ਦੇ ਸਰਹਿੰਦ ਦਾ ਰਹਿਣ ਵਾਲਾ ਹੈ ਅਤੇ ਸਥਾਨਕ ਪੱਧਰ ‘ਤੇ ਇੱਕ ਵੱਡਾ ਬਾਈਕ ਸ਼ੋਰੂਮ ਚਲਾਉਂਦਾ ਹੈ। ਬੇਟੀ ਦਾ ਵਿਆਹ ਜਲੰਧਰ ਦੇ ਇੱਕ ਨੌਜਵਾਨ ਨਾਲ ਤੈਅ ਹੋਣ ਕਾਰਨ ਵਿਆਹ ਦਾ ਸਮਾਰੋਹ ਲੁਧਿਆਣਾ ਦੇ ਇੱਕ ਮੈਰਿਜ ਪੈਲੇਸ ਵਿੱਚ ਰੱਖਿਆ ਗਿਆ ਸੀ। ਐਤਵਾਰ ਦੀ ਦੇਰ ਰਾਤ ਤੋਂ ਸੋਮਵਾਰ ਸਵੇਰ ਤੱਕ ਸਾਰੀਆਂ ਵਿਆਹ ਦੀਆਂ ਰਸਮਾਂ ਪੂਰੀਆਂ ਹੋਈਆਂ ਅਤੇ ਸਵੇਰੇ ਧੀ ਦੀ ਵਿਦਾਈ ਹੋ ਗਈ। ਵਿਦਾਈ ਤੋਂ ਕੁਝ ਸਮੇਂ ਬਾਅਦ ਦੁਲਹਣ ਦਾ ਪਰਿਵਾਰ ਵੀ ਆਪਣੇ ਘਰ ਵਾਪਸ ਜਾਣ ਲਈ ਕਾਰ ‘ਚ ਰਵਾਨਾ ਹੋਇਆ, ਪਰ ਰਾਹ ਵਿੱਚ ਹੀ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਿਆ।
EDITED BY- HARLEEN KAUR




