
ਪੰਜਾਬ ਸਰਕਾਰ ਵੱਲੋਂ ਖਿਡਾਰੀਆਂ ਅਤੇ ਜਿੰਮ ਜਾਣ ਵਾਲਿਆਂ ਲਈ ਵੱਡਾ ਐਲਾਨ ਕੀਤਾ ਗਿਆ ਹੈ। ਜਿਸ ਨਾਲ ਨੌਜਵਾਨਾਂ ਦੇ ਚਿਹਰੇ ਖਿੜ ਗਏ ਹਨ। ਦੱਸ ਦੇਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ ਨਾਲ ਉੱਚ ਪੱਧਰੀ ਸਮੀਖਿਆ ਮੀਟਿੰਗ ਦੌਰਾਨ ਸੂਬੇ ਭਰ ’ਚ 1,350 ਕਰੋੜ ਦੀ ਲਾਗਤ ਨਾਲ ਬਣਾਏ ਜਾ ਰਹੇ 3,100 ਸਟੇਡੀਅਮਾਂ ਦਾ ਕੰਮ ਜੂਨ 2026 ਤੱਕ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ।
ਇਸ ਦੌਰਾਨ ਉਨ੍ਹਾਂ ਵੱਲੋਂ ਇਕ ਵਿਆਪਕ ਪੈਕੇਜ ਦੀ ਵੀ ਸ਼ੁਰੂਆਤ ਕੀਤੀ ਗਈ, ਜਿਸ ’ਚ ਕਰੀਬ 3,000 ਥਾਵਾਂ ‘ਤੇ ਅਤਿ-ਆਧੁਨਿਕ ਜਿੰਮ ਸਥਾਪਿਤ ਕਰਨਾ, 50 ਕਰੋੜ ਰੁਪਏ ਦੀ ਲਾਗਤ ਨਾਲ 17,000 ਖੇਡ ਕਿੱਟਾਂ ਦੀ ਵੰਡ, ਇੱਕ ਵਿਆਪਕ ਖੇਡ ਪੋਰਟਲ ਦੀ ਸ਼ੁਰੂਆਤ ਅਤੇ 43 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਨਵਾਂ ਯੁਵਾ ਭਵਨ ਦੀ ਉਸਾਰੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਨਵੀਂ ਖੇਡ ਨੀਤੀ 2023 ਮੁਤਾਬਕ ਸੂਬੇ ਭਰ ਦੇ ਪਿੰਡਾਂ ’ਚ ਇਹ ਸਟੇਡੀਅਮ ਬਣਾਏ ਜਾ ਰਹੇ ਹਨ। ਇਨ੍ਹਾਂ ਸਟੇਡੀਅਮਾਂ ‘ਤੇ 1350 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ, ਜਿਨ੍ਹਾਂ ’ਚ ਵਾੜ, ਗੇਟ, ਜੌਗਿੰਗ ਟਰੈਕ, ਪੱਧਰਾ ਖੇਡ ਦਾ ਮੈਦਾਨ, ਰੁੱਖ, ਵਾਲੀਬਾਲ ਕੋਰਟ, ਸਟੋਰ ਤੇ ਹੋਰ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸਟੇਡੀਅਮਾਂ ਦਾ ਕੰਮ ਨਿਰਧਾਰਤ ਸਮੇਂ ਅੰਦਰ ਮੁਕੰਮਲ ਕੀਤਾ ਜਾਣਾ ਚਾਹੀਦਾ ਹੈ ਤੇ ਨਾਲ ਹੀ ਹਰ ਹਾਲਾਤ ’ਚ ਕੰਮਾਂ ਦੀ ਗੁਣਵੱਤਾ ਨੂੰ ਵੀ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ।
ਸਰਕਾਰ ਵੱਲੋਂ 50 ਕਰੋੜ ਰੁਪਏ ਦੀ ਲਾਗਤ ਨਾਲ ਖਿਡਾਰੀਆਂ ਨੂੰ 17000 ਖੇਡ ਕਿੱਟਾਂ ਵੰਡੀਆਂ ਜਾਣਗੀਆਂ। ਉਨ੍ਹਾਂ ਨੇ ਅਧਿਕਾਰੀਆਂ ਨੂੰ 31 ਮਾਰਚ ਤੱਕ ਪਿੰਡਾਂ ’ਚ 5600 ਖੇਡ ਕਿੱਟਾਂ ਵੰਡਣ ਦੇ ਨਿਰਦੇਸ਼ ਦਿੱਤੇ। ਵਿਭਾਗ ਵੱਲੋਂ ਇੱਕ ਵਿਆਪਕ ਖੇਡ ਪੋਰਟਲ ਸ਼ੁਰੂ ਕੀਤਾ ਜਾ ਰਿਹਾ ਹੈ। ਖੇਡ ਪ੍ਰੇਮੀ ਅਤੇ ਖਿਡਾਰੀ ਇਕ ਕਲਿੱਕ ‘ਤੇ ਖਿਡਾਰੀਆਂ ਦੀ ਰਜਿਸਟ੍ਰੇਸ਼ਨ, ਆਨਲਾਈਨ ਗ੍ਰੇਡੇਸ਼ਨ, ਆਨਲਾਈਨ ਡੀ. ਬੀ. ਟੀ., ਖੇਡ ਸਮਾਗਮ ਕਰਵਾਉਣ, ਗਰਾਊਂਡ ਰਿਜ਼ਰਵੇਸ਼ਨ, ਈ-ਸਰਟੀਫਿਕੇਟ, ਨਤੀਜੇ ਰਿਕਾਰਡ ਕਰਨ, ਪੈਨਸ਼ਨ/ਵਜ਼ੀਫ਼ੇ ਅਤੇ ਹੋਰ ਸਹੂਲਤਾਂ ਪ੍ਰਾਪਤ ਕਰ ਸਕਣਗੇ। ਉਨ੍ਹਾਂ ਨੇ ਅਧਿਕਾਰੀਆਂ ਨੂੰ ਮੋਹਾਲੀ ਸਪੋਰਟਸ ਸਟੇਡੀਅਮ ਸੈਕਟਰ 78 ’ਚ 9 ਕਰੋੜ ਰੁਪਏ ਦੀ ਲਾਗਤ ਨਾਲ ਨਿਰਮਾਣ ਅਧੀਨ ਸਿੰਥੈਟਿਕ ਟਰੈਕ ਦਾ ਕੰਮ ਮਾਰਚ, 2026 ਤੱਕ ਮੁਕੰਮਲ ਕਰਨ ਲਈ ਵੀ ਕਿਹਾ।
EDITED BY- HARLEEN KAUR



