
ਪਟਿਆਲਾ ਵਿੱਚ ਸੁਸਾਈਡ ਦੀ ਕੋਸ਼ਿਸ਼ ਕਰਨ ਵਾਲੇ ਸਾਬਕਾ ਇੰਸਪੈਕਟਰ ਜਨਰਲ ਆਫ਼ ਪੁਲਿਸ (IG) ਅਮਰ ਸਿੰਘ ਚਹਿਲ ਹਸਪਤਾਲ ਵਿੱਚ ਭਰਤੀ ਹਨ। ਡਾਕਟਰਾਂ ਨੇ ਸਰਜਰੀ ਕਰ ਦਿੱਤੀ ਹੈ। ਸਾਬਕਾ ADGP ਗੁਰਿੰਦਰ ਸਿੰਘ ਢਿੱਲੋਂ ਦੇ ਮੁਤਾਬਕ, ਚਹਿਲ ਖਤਰੇ ਤੋਂ ਬਾਹਰ ਹਨ, ਹਾਲਾਂਕਿ ਪੂਰੀ ਤਰ੍ਹਾਂ ਸਿਹਤਮੰਦ ਹੋਣ ਵਿੱਚ ਅਜੇ ਸਮਾਂ ਲੱਗੇਗਾ।
ਉਨ੍ਹਾਂ ਸੋਮਵਾਰ ਨੂੰ ਘਰ ਵਿੱਚ ਸੁਰੱਖਿਆ ਕਰਮਚਾਰੀ ਦੇ ਰਿਵਾਲਵਰ ਨਾਲ ਪੇਟ ਵਿੱਚ ਗੋਲੀ ਮਾਰੀ ਸੀ। ਸਾਬਕਾ IPS ਅਧਿਕਾਰੀ ਚਹਿਲ ਨੇ ਗੋਲੀ ਮਾਰਣ ਤੋਂ ਪਹਿਲਾਂ 12 ਪੰਨਿਆਂ ਦਾ ਸੁਸਾਈਡ ਨੋਟ ਲਿਖਿਆ, ਜਿਸ ‘ਤੇ ਐਮਰਜੈਂਸੀ, ਅਰਜੈਂਟ ਅਤੇ ਲਾਸਟ ਅਪੀਲ ਲਿਖੀ ਸੀ। ਨੋਟ ਵਿੱਚ ਉਨ੍ਹਾਂ 8 ਕਰੋੜ ਰੁਪਏ ਦੇ ਆਨਲਾਈਨ ਫਰਾਡ ਦਾ ਜ਼ਿਕਰ ਕੀਤਾ ਹੈ ਅਤੇ ਪਰਿਵਾਰ ਦੀ ਸੁਰੱਖਿਆ ਅਤੇ ਮਾਮਲੇ ਦੀ SIT ਜਾਂ CBI ਤੋਂ ਜਾਂਚ ਕਰਨ ਦੀ ਮੰਗ ਕੀਤੀ ਹੈ। ਜਾਣਕਾਰੀ ਮੁਤਾਬਕ ਘਟਨਾ ਦੇ ਸਮੇਂ ਉਨ੍ਹਾਂ ਦਾ ਪੁੱਤਰ ਘਰ ਮੌਜੂਦ ਸੀ। ਅਮਰ ਸਿੰਘ ਚਹਿਲ IG ਪਦ ਤੋਂ ਰਿਟਾਇਰ ਹੋਣ ਤੋਂ ਬਾਅਦ ਪਟਿਆਲਾ ਵਿੱਚ ਰਹਿ ਰਹੇ ਸਨ। ਚਹਿਲ ਪਹਿਲਾਂ ਏਅਰਫੋਰਸ ਵਿੱਚ ਅਫਸਰ ਰਹਿ ਚੁੱਕੇ ਹਨ। ਉਹ 1990 ਵਿੱਚ ਏਅਰਫੋਰਸ ਤੋਂ ਰਿਟਾਇਰ ਹੋਣ ਤੋਂ ਬਾਅਦ ਸਿੱਧਾ DSP ਭਰਤੀ ਹੋਏ ਸਨ।
ਚਹਿਲ ਨਾਲ ਹੋਈ ਠੱਗੀ ਦੇ ਮਾਮਲੇ ਵਿੱਚ ਪੁਲਿਸ ਨੇ ਹਾਲੇ FIR ਦਰਜ ਨਹੀਂ ਕੀਤੀ ਹੈ, ਪਰ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਪਟਿਆਲਾ ਸਾਇਬਰ ਸੈੱਲ ਸਮੇਤ ਸਟੇਟ ਸਾਇਬਰ ਸੈੱਲ ਦੇ ਅਧਿਕਾਰੀਆਂ ਨੂੰ ਐਕਟਿਵ ਕੀਤਾ ਗਿਆ ਹੈ। ਇਹ ਅਧਿਕਾਰੀ ਉਹ ਬੈਂਕ ਅਕਾਊਂਟਸ ਅਤੇ ਟੈਲੀਗ੍ਰਾਮ, ਵਾਟਸਐਪ ਲਈ ਵਰਤੇ ਗਏ ਨੰਬਰਾਂ ਦੀ ਡੀਟੇਲ ਨਿਕਾਲ ਰਹੇ ਹਨ, ਜੋ ਟ੍ਰਾਂਜ਼ੈਕਸ਼ਨ ਲਈ ਵਰਤੇ ਗਏ ਸਨ।
EDITED BY- HARLEEN KAUR



