ਪੰਜਾਬ ‘ਚ ਹਾਲਾਤ ਚਿੰਤਾਜਨਕ, ਨਹੀਂ ਰੁਕ ਰਿਹਾ ਜਾਨਲੇਵਾ ਬੀਮਾਰੀ ਦਾ ਕਹਿਰ
ਇਨ੍ਹਾਂ 10 ਜ਼ਿਲ੍ਹਿਆਂ ਦੇ ਲੋਕਾਂ 'ਚ ਮੱਚਿਆ ਹਾਹਾਕਾਰ

ਪੰਜਾਬ ‘ਚ ਇਸ ਸਮੇਂ ਚਿੰਤਾ ਦੇ ਹਾਲਾਤ ਬਣੇ ਹੋਏ ਹਨ। ਦੱਸ ਦੇਈਏ ਕਿ ਐੱਚ. ਆਈ. ਵੀ. ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਪੁਰਸ਼ਾਂ ਤੋਂ ਪੁਰਸ਼ਾਂ ਦੇ ਸਬੰਧ ਇਸ ਘਾਤਕ ਬੀਮਾਰੀ ਦਾ ਗ੍ਰਾਫ਼ ਵਧਾ ਰਹੇ ਹਨ। ਦੂਜਾ ਮੁੱਖ ਕਾਰਨ ਸੂਈ ਤੋਂ ਨਸਾ ਕਰਨ ਵਾਲੇ ਲੋਕ ਹਨ। ਅੰਕੜੇ ਕਹਿੰਦੇ ਹਨ ਕਿ ਪੰਜਾਬ ‘ਚ ਐੱਚ. ਆਈ. ਵੀ. ਦਾ ਜ਼ਿਆਦਾ ਸ਼ਿਕਾਰ ਬਣਨ ਵਾਲੇ ਟੌਪ 10 ਜ਼ਿਲ੍ਹਿਆਂ ‘ਚ ਲੁਧਿਆਣਾ, ਅੰਮ੍ਰਿਤਸਰ, ਬਠਿੰਡਾ, ਜਲੰਧਰ, ਪਟਿਆਲਾ, ਫਿਰੋਜ਼ਪੁਰ, ਫ਼ਰੀਦਕੋਟ, ਤਰਨਤਾਰਨ, ਮੋਗਾ ਅਤੇ ਕਪੂਰਥਲਾ ਦਾ ਨਾਂ ਸਭ ਤੋਂ ਅੱਗੇ ਆਉਂਦਾ ਹੈ।
ਦੱਸ ਦੇਈਏ ਕਿ ਸਾਲ 2024-25 ਦੌਰਾਨ ਪੰਜਾਬ ‘ਚ ਐੱਚ. ਆਈ. ਵੀ. ਦੀ ਪ੍ਰਸਾਰ ਦਰ 1.19 ਫ਼ੀਸਦੀ ਪਾਈ ਗਈ ਹੈ। ਇਸ ਸਾਲ 11,364 ਐੱਚ. ਆਈ. ਵੀ. ਦੇ ਨਵੇਂ ਮਰੀਜ਼ ਸਾਹਮਣੇ ਆਏ ਹਨ, ਜਦੋਂ ਕਿ ਸਾਲ 2023-24 ਦੌਰਾਨ ਸੂਬੇ ‘ਚ ਐੱਚ. ਆਈ. ਵੀ. ਦੀ ਪ੍ਰਸਾਰ ਦਰ 1.74 ਸੀ ਅਤੇ ਉਸ ਦੌਰਾਨ 13,130 ਐੱਚ. ਆਈ. ਵੀ. ਦੇ ਨਵੇਂ ਮਰੀਜ਼ ਸਾਹਮਣੇ ਆਏ ਸਨ। ਹਾਲਾਂਕਿ ਸਾਲ 2022-23 ਦੌਰਾਨ ਪੰਜਾਬ ‘ਚ ਐੱਚ. ਆਈ. ਵੀ. ਦੀ ਪ੍ਰਸਾਰ ਦਰ 1.60 ਸੀ ਅਤੇ ਉਸ ਸਾਲ ‘ਚ 11,950 ਐੱਚ. ਆਈ. ਵੀ. ਦੇ ਨਵੇਂ ਮਰੀਜ਼ ਸਾਹਮਣੇ ਆਏ ਸਨ।
ਪੰਜਾਬ ‘ਚ ਐੱਚ. ਆਈ. ਵੀ. ਮਰੀਜ਼ ਵੱਧਣ ਦਾ ਕਾਰਨ ਹੋਮੋਸੈਕਸੁਅਲ ਰਿਸ਼ਤਿਆਂ ਦੀ ਗਿਣਤੀ ‘ਚ ਹੋ ਰਿਹਾ ਵਾਧਾ ਹੈ। ਪਹਿਲਾਂ ਔਰਤਾਂ ਅਤੇ ਪੁਰਸ਼ਾਂ ਵਿਚਕਾਰ ਸਬੰਧਾਂ ਕਾਰਨ ਇਹ ਜਾਨਲੇਵਾ ਬੀਮਾਰੀ ਸਮਾਜ ‘ਚ ਫੈਲ ਰਹੀ ਸੀ ਪਰ ਹੁਣ ਜਦੋਂ ਤੋਂ ਹੋਮੋਸੈਕਸੁਅਲ ਰਿਸ਼ਤਿਆਂ ਨੂੰ ਬਰਾਬਰੀ ਦਾ ਦਰਜ ਮਿਲਿਆ ਹੈ, ਉਸ ਸਮੇਂ ਤੋਂ ਪੁਰਸ਼ਾਂ ਦੇ ਪੁਰਸ਼ਾਂ ਨਾਲ ਵਧੇ ਰਿਸ਼ਤਿਆਂ ਨੇ ਐੱਚ. ਆਈ. ਵੀ. ਵਰਗੀ ਬੀਮਾਰੀ ਨੂੰ ਵਧਾਇਆ ਹੈ। ਦੂਜਾ ਕਾਰਨ ਸੂਈ ਨਾਲ ਨਸ਼ਾ ਕਰਨ ਵਾਲੇ ਲੋਕ ਹਨ। ਇਹ ਲੋਕ ਇੰਫੈਕਟਿਡ ਸੂਈਆਂ ਦਾ ਵਾਰ-ਵਾਰ ਇਸਤੇਮਾਲ ਕਰਦੇ ਹਨ ਅਤੇ ਇਹ ਘਾਤਕ ਬੀਮਾਰੀ ਦਾ ਸ਼ਿਕਾਰ ਬਣਦੇ ਹਨ।
ਐੱਚ. ਆਈ. ਵੀ. ਤੋਂ ਬਚਾਉਣ ਲਈ ਪੰਜਾਬ ਦੇ 3 ਜ਼ਿਲ੍ਹਿਆਂ ‘ਚ ਇਕ ਵਿਸ਼ੇਸ਼ ਪਾਇਲਟ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ। ਦਿੱਲੀ ਦਾ ਇਕ ਸਮਾਜਸੇਵੀ ਸੰਗਠਨ ਐੱਚ. ਆਈ. ਵੀ. ਤੋਂ ਲੋਕਾਂ ਨੂੰ ਬਚਾਉਣ ਲਈ ਲੁਧਿਆਣਾ, ਮੋਗਾ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ‘ਚ ਵਿਸ਼ੇਸ਼ ਮੁਹਿੰਮ ਚਲਾ ਰਿਹਾ ਹੈ। ਸੰਗਠਨ ਦੀ ਮੂਨਲਾਈਟ ਵੈਨ ਰਾਤ ਸਮੇਂ ਵੀ ਲੋਕਾਂ ਦੀ ਕਾਊਂਸਲਿੰਗ ਅਤੇ ਟੈਸਟਿੰਗ ਦਾ ਕੰਮ ਕਰ ਰਹੀ ਹੈ। ਹਾਈ ਰਿਸਕ ਲੋਕ ਦਿਨ ‘ਚ ਆਪਣੀਆਂ ਨੌਕਰੀਆਂ ਕਾਰਨ ਕਾਊਂਸਲਿੰਗ ਅਤੇ ਟੈਸਟਿੰਗ ਤੋਂ ਵਾਂਝੇ ਰਹਿ ਜਾਂਦੇ ਹਨ। ਅਜਿਹੇ ਲੋਕਾਂ ਦੇ ਘਰ ਦੇ ਨੇੜੇ ਪਹੁੰਚ ਕੇ ਵੈਨ ਉਨ੍ਹਾਂ ਨੂੰ ਸਲਾਹ ਵੀ ਦੇ ਰਹੀ ਹੈ ਅਤੇ ਫਰੀ ਦਵਾਈਆਂ ਵੀ ਮੁਹੱਈਆ ਕਰਵਾ ਰਹੀ ਹੈ।
EDITED BY- HARLEEN KAUR



