टॉप न्यूज़

20 ਜਨਵਰੀ ਨੂੰ ਛੁੱਟੀ ਦੀ ਮੰਗ ਨੇ ਫੜਿਆ ਜੋਰ

ਧਿਆਨਪੁਰ ਧਾਮ ਵਿੱਚ ਵੱਡਾ ਸਮਾਗਮ

ਸਤਿਗੁਰੂ ਸ੍ਰੀ ਬਾਵਾ ਲਾਲਾ ਜੀ ਦੇ 671ਵੇਂ ਜਨਮ ਦਿਹਾੜੇ ਮੌਕੇ 20 ਜਨਵਰੀ ਨੂੰ ਜ਼ਿਲ੍ਹਾ ਪੱਧਰੀ ਛੁੱਟੀ ਘੋਸ਼ਿਤ ਕਰਨ ਸਬੰਧੀ ਸ੍ਰੀ ਲਾਲ ਦਵਾਰਾ ਮੰਦਿਰ ਚੈਰੀਟੇਬਲ ਸੋਸਾਇਟੀ (ਰਜਿ.), ਗੁਰਦਾਸਪੁਰ ਦੇ ਸੇਵਕਾਂ ਵੱਲੋਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਮੰਗ ਪੱਤਰ ਸੌਂਪਿਆ ਗਿਆ। ਇਹ ਮੰਗ ਪੱਤਰ ਹਲਕਾ ਇੰਚਾਰਜ ਗੁਰਦਾਸਪੁਰ ਰਮਨ ਬਹਿਲ ਦੀ ਅਗਵਾਈ ਹੇਠ ਸੇਵਕਾਂ ਦੇ ਇਕ ਵਫ਼ਦ ਵੱਲੋਂ ਡਿਪਟੀ ਕਮਿਸ਼ਨਰ ਅਦਿੱਤਿਆ ਉੱਪਲ ਨੂੰ ਦਿੱਤਾ ਗਿਆ।
ਇਸ ਮੌਕੇ ਗੱਲ ਕਰਦਿਆਂ ਹਲਕਾ ਇੰਚਾਰਜ ਰਮਨ ਬਹਿਲ ਨੇ ਦੱਸਿਆ ਕਿ ਸਤਿਗੁਰੂ ਸ੍ਰੀ ਬਾਵਾ ਲਾਲਾ ਜੀ ਦਾ ਜਨਮ ਦਿਹਾੜਾ ਮਿਤੀ 20 ਜਨਵਰੀ 2026, ਦਿਨ ਮੰਗਲਵਾਰ ਨੂੰ ਦਰਬਾਰ ਸ੍ਰੀ ਧਿਆਨਪੁਰ ਧਾਮ ਵਿਖੇ ਬਹੁਤ ਹੀ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਦੇਸ਼ ਅਤੇ ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਦਰਬਾਰ ਸ੍ਰੀ ਧਿਆਨਪੁਰ ਧਾਮ ਵਿੱਚ ਨਤਮਸਤਕ ਹੁੰਦੀਆਂ ਹਨ।
ਉਨ੍ਹਾਂ ਕਿਹਾ ਕਿ ਸਤਿਗੁਰੂ ਸ੍ਰੀ ਬਾਵਾ ਲਾਲਾ ਜੀ ਦੇ ਜਨਮ ਦਿਹਾੜੇ ਵਾਲੇ ਦਿਨ ਦਰਬਾਰ ਧਿਆਨਪੁਰ ਧਾਮ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਇੱਕ ਵੱਡੇ ਮੇਲੇ ਵਰਗਾ ਮਾਹੌਲ ਬਣ ਜਾਂਦਾ ਹੈ। ਇਲਾਕੇ ਦੇ ਲੋਕਾਂ ਵਿੱਚ ਬਾਵਾ ਲਾਲਾ ਜੀ ਪ੍ਰਤੀ ਡੂੰਘੀ ਸ਼ਰਧਾ ਅਤੇ ਆਸਥਾ ਹੈ ਅਤੇ ਹਰ ਧਰਮ ਦੇ ਲੋਕ ਇਸ ਸਮਾਗਮ ਵਿੱਚ ਹੁੰਮ-ਹੁੰਮਾ ਕੇ ਹਿੱਸਾ ਲੈਂਦੇ ਹਨ। ਇਹ ਸਮਾਗਮ ਸਿਰਫ਼ ਧਾਰਮਿਕ ਹੀ ਨਹੀਂ ਸਗੋਂ ਸਮਾਜਿਕ ਸਾਂਝ ਅਤੇ ਭਾਈਚਾਰੇ ਦੀ ਮਿਸਾਲ ਵੀ ਪੇਸ਼ ਕਰਦਾ ਹੈ।
ਰਮਨ ਬਹਿਲ ਨੇ ਦੱਸਿਆ ਕਿ ਲੋਕਾਂ ਦੀ ਭਾਵਨਾ ਅਤੇ ਸਤਿਗੁਰੂ ਸ੍ਰੀ ਬਾਵਾ ਲਾਲਾ ਜੀ ਪ੍ਰਤੀ ਡੂੰਘੀ ਆਸਥਾ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਲ 2023 ਵਿੱਚ ਵੀ ਜ਼ਿਲ੍ਹਾ ਗੁਰਦਾਸਪੁਰ ਵਿੱਚ ਇਸ ਦਿਹਾੜੇ ਮੌਕੇ ਛੁੱਟੀ ਘੋਸ਼ਿਤ ਕੀਤੀ ਗਈ ਸੀ। ਉਸ ਫੈਸਲੇ ਨਾਲ ਸੰਗਤਾਂ ਨੂੰ ਵੱਡੀ ਸਹੂਲਤ ਮਿਲੀ ਸੀ ਅਤੇ ਲੋਕਾਂ ਨੇ ਵੱਧ ਚੜ੍ਹ ਕੇ ਸਮਾਗਮ ਵਿੱਚ ਸ਼ਿਰਕਤ ਕੀਤੀ ਸੀ।
ਉਨ੍ਹਾਂ ਨੇ ਕਿਹਾ ਕਿ ਇਸ ਵਾਰ ਵੀ ਲੋਕਾਂ ਦੀ ਸ਼ਰਧਾ, ਭਾਵਨਾ ਅਤੇ ਆਸਥਾ ਨੂੰ ਮੁੱਖ ਰੱਖਦੇ ਹੋਏ 20 ਜਨਵਰੀ 2026, ਦਿਨ ਮੰਗਲਵਾਰ ਨੂੰ ਸਤਿਗੁਰੂ ਸ੍ਰੀ ਬਾਵਾ ਲਾਲਾ ਜੀ ਦੇ 671ਵੇਂ ਜਨਮ ਦਿਹਾੜੇ ਮੌਕੇ ਜ਼ਿਲ੍ਹਾ ਗੁਰਦਾਸਪੁਰ ਵਿੱਚ ਜ਼ਿਲ੍ਹਾ ਪੱਧਰੀ ਛੁੱਟੀ ਘੋਸ਼ਿਤ ਕੀਤੀ ਜਾਵੇ। ਇਸ ਨਾਲ ਵੱਧ ਤੋਂ ਵੱਧ ਲੋਕ ਧਾਰਮਿਕ ਸਮਾਗਮ ਵਿੱਚ ਸ਼ਾਮਲ ਹੋ ਸਕਣਗੇ ਅਤੇ ਦਰਬਾਰ ਧਿਆਨਪੁਰ ਧਾਮ ਵਿਖੇ ਨਤਮਸਤਕ ਹੋ ਕੇ ਆਪਣੀ ਸ਼ਰਧਾ ਪ੍ਰਗਟ ਕਰ ਸਕਣਗੇ।

Related Articles

Leave a Reply

Your email address will not be published. Required fields are marked *

Back to top button
error: Content is protected !!