
ਲੁਧਿਆਣਾ ਜ਼ਿਲ੍ਹੇ ਦੀ ਰਹਿਣ ਵਾਲੀ 19 ਸਾਲਾ ਵਿਦਿਆਰਥਣ ਕੋਮਲਪ੍ਰੀਤ ਕੌਰ ਦੀ ਆਸਟ੍ਰੇਲੀਆ ਦੇ ਪਰਥ ਸ਼ਹਿਰ ਵਿੱਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਕੋਮਲਪ੍ਰੀਤ ਉੱਥੇ ਨਰਸਿੰਗ ਦੀ ਪੜਾਈ ਦੇ ਨਾਲ-ਨਾਲ ਪਾਰਟ-ਟਾਈਮ ਨੌਕਰੀ ਵੀ ਕਰ ਰਹੀ ਸੀ। ਸ਼ਨੀਵਾਰ ਦੇਰ ਰਾਤ ਕੰਮ ਤੋਂ ਘਰ ਵਾਪਸ ਆਉਂਦਿਆਂ ਇੱਕ ਤੇਜ਼ ਰਫ਼ਤਾਰ ਕਾਰ ਨੇ ਉਸਨੂੰ ਟੱਕਰ ਮਾਰ ਦਿੱਤੀ। ਇਸ ਘਟਨਾ ਤੋਂ ਬਾਅਦ ਪੰਜਾਬ ਵਿੱਚ ਉਸਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।
ਮਿਲੀ ਜਾਣਕਾਰੀ ਅਨੁਸਾਰ 19 ਸਾਲਾ ਕੋਮਲਪ੍ਰੀਤ ਕੌਰ ਸ਼ਨੀਵਾਰ ਦੇਰ ਰਾਤ ਆਪਣੀ ਨਾਈਟ ਡਿਊਟੀ ਖਤਮ ਕਰਕੇ ਪੈਦਲ ਘਰ ਵੱਲ ਜਾ ਰਹੀ ਸੀ। ਇਸ ਦੌਰਾਨ ਕੈਨਿੰਗਵੈਲ ਇਲਾਕੇ ਵਿੱਚ ਇੱਕ ਤੇਜ਼ ਰਫ਼ਤਾਰ ਕਾਰ ਨੇ ਉਸਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਕੋਮਲਪ੍ਰੀਤ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਕੋਮਲਪ੍ਰੀਤ ਕੌਰ ਆਪਣੇ ਸੁਨਹਿਰੇ ਭਵਿੱਖ ਦੇ ਸੁਪਨੇ ਲੈ ਕੇ ਪਿਛਲੇ ਸਾਲ ਹੀ ਆਸਟ੍ਰੇਲੀਆ ਗਈ ਸੀ। ਉਹ ਪਰਥ ਦੇ ਮਸ਼ਹੂਰ ‘ਸਟੈਨਲੀ ਕਾਲਜ’ ਤੋਂ ਨਰਸਿੰਗ ਦੀ ਪੜਾਈ ਕਰ ਰਹੀ ਸੀ। ਆਪਣੀ ਪੜਾਈ ਅਤੇ ਰਹਿਣ-ਸਹਿਣ ਦਾ ਖਰਚ ਚਲਾਉਣ ਲਈ ਉਹ ਪਾਰਟ-ਟਾਈਮ ਨੌਕਰੀ ਵੀ ਕਰਦੀ ਸੀ।
ਮ੍ਰਿਤਕ ਕੋਮਲਪ੍ਰੀਤ ਕੌਰ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਰਾਏਕੋਟ/ਹਲਵਾਰਾ ਨੇੜਲੇ ਪਿੰਡ ਕਲਸੀਆਂ ਦੀ ਰਹਿਣ ਵਾਲੀ ਸੀ। ਉਸਦੇ ਪਿਤਾ ਅਮਰੀਕ ਸਿੰਘ ਭਾਰਤੀ ਫੌਜ ਤੋਂ ਰਿਟਾਇਰਡ ਸੂਬੇਦਾਰ ਹਨ। ਧੀ ਦੀ ਮੌਤ ਦੀ ਖ਼ਬਰ ਮਿਲਦੇ ਹੀ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ।
EDITED BY- HARLEEN KAUR


