
ਅੰਮ੍ਰਿਤਸਰ ਦੇ ਕੋਰਟ ਰੋਡ ‘ਤੇ ਸਥਿਤ ਹੋਟਲ ਕਿੰਗਜ਼ ਰੂਟ ‘ਤੇ ਇੱਕ ਵਿਆਹੁਤਾ ਔਰਤ ਦੇ ਸ਼ੱਕੀ ਹਾਲਾਤਾਂ ਵਿੱਚ ਕਤਲ ਨੇ ਇਲਾਕੇ ਵਿੱਚ ਹੜਕੰਪ ਮਚਾ ਦਿੱਤਾ ਹੈ। ਮ੍ਰਿਤਕਾ ਦੀ ਪਛਾਣ ਪ੍ਰਭਜੋਤ ਕੌਰ ਵਜੋਂ ਹੋਈ ਹੈ, ਜੋ ਕਿ ਗੁਰਦਾਸਪੁਰ ਦੇ ਪਿੰਡ ਵੜੈਚ ਦੀ ਰਹਿਣ ਵਾਲੀ ਹੈ। ਪੁਲਿਸ ਅਨੁਸਾਰ, ਔਰਤ ਦਾ ਪਤੀ ਮਨਦੀਪ ਸਿੰਘ ਢਿੱਲੋਂ ਘਟਨਾ ਤੋਂ ਬਾਅਦ ਫਰਾਰ ਹੈ ਅਤੇ ਉਸ ‘ਤੇ ਕਤਲ ਦਾ ਸ਼ੱਕ ਹੈ।
ਦੱਸ ਦੇਈਏ ਕਿ ਬੀਤੇ ਲੰਬੇ ਸਮੇਂ ਤੋਂ ਆਸਟ੍ਰੇਲੀਆ ਵਿੱਚ ਰਹੇ ਪਤੀ-ਪਤਨੀ ਇੱਥੇ ਇੱਕ ਪਰਿਵਾਰਕ ਸਮਾਗਮ ਲਈ ਆਏ ਸੀ। ਉਹ ਦੋਵੇਂ ਹੋਟਲ ਵਿੱਚ ਰੁਕੇ ਸੀ। ਮ੍ਰਿਤਕਾ ਦੇ ਭਰਾ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਉਸਦੀ ਭੈਣ ਦਾ ਵਿਆਹ ਸੱਤ ਸਾਲ ਪਹਿਲਾਂ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਜੇਠੂਵਾਲ ਵਿੱਚ ਹੋਇਆ ਸੀ। ਸ਼ੁਰੂਆਤੀ ਸਾਲਾਂ ਵਿੱਚ ਸਭ ਕੁਝ ਠੀਕ ਚੱਲਿਆ, ਪਰ ਬਾਅਦ ਵਿੱਚ, ਉਸਦੇ ਪਤੀ ਦੇ ਸ਼ੱਕ ਕਾਰਨ ਘਰੇਲੂ ਝਗੜੇ ਵਧਣ ਲੱਗੇ। ਲਵਪ੍ਰੀਤ ਸਿੰਘ ਦੇ ਅਨੁਸਾਰ, ਇਹ ਜੋੜਾ ਕੁਝ ਸਮੇਂ ਤੋਂ ਆਸਟ੍ਰੇਲੀਆ ਵਿੱਚ ਰਹਿ ਰਿਹਾ ਸੀ ਅਤੇ ਹਾਲ ਹੀ ਵਿੱਚ ਇੱਕ ਪਰਿਵਾਰਕ ਧਾਰਮਿਕ ਸਮਾਰੋਹ ਲਈ ਭਾਰਤ ਵਾਪਸ ਆਇਆ ਸੀ।
ਮ੍ਰਿਤਕਾ ਦੇ ਪਿਤਾ ਮੱਖਣ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਦਾ ਵਿਆਹ ਇੱਕ ਅਮੀਰ ਪਰਿਵਾਰ ਵਿੱਚ ਹੋਇਆ ਸੀ ਅਤੇ ਲੰਬੇ ਸਮੇਂ ਤੋਂ ਕੋਈ ਅਣਬਣ ਨਹੀਂ ਸੀ। ਇਸ ਦੁਖਦਾਈ ਘਟਨਾ ਨਾਲ ਪਰਿਵਾਰ ਨੂੰ ਬਹੁਤ ਸਦਮਾ ਲੱਗਾ ਹੈ, ਖਾਸ ਕਰਕੇ ਛੇ ਤੋਂ ਸੱਤ ਮਹੀਨਿਆਂ ਦੇ ਬੱਚੇ ਲਈ, ਜੋ ਹੁਣ ਮਾਪਿਆਂ ਤੋਂ ਬਿਨਾਂ ਹੈ।
ਮ੍ਰਿਤਕ ਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਫਰਾਰ ਮੁਲਜ਼ਮ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਨੇ ਕਿਹਾ ਕਿ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਮੁਲਜ਼ਮ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
EDITED BY- HARLEEN KAUR




