ਪੰਜਾਬ ਪੁਲਿਸ ਵਿਭਾਗ ‘ਚ ਮੱਚਿਆ ਹਾਹਾਕਾਰ
ਪੁਲਿਸ ਇੰਸਪੈਕਟਰ ਦੀ ਭੇਤਭਰੇ ਹਾਲਾਤ ’ਚ ਸਿਰ ’ਤੇ ਗੋਲੀ ਲੱਗਣ ਨਾਲ ਮੌਤ

ਪੰਜਾਬ ਪੁਲਿਸ ਵਿਭਾਗ ਵਿੱਚ ਉਸ ਸਮੇਂ ਹਲਚਲ ਮੱਚ ਗਈ, ਜਦੋਂ ਇੱਕ ਪੁਲਿਸ ਇੰਸਪੈਕਟਰ ਦੀ ਭੇਤਭਰੇ ਹਾਲਾਤਾਂ ’ਚ ਸਿਰ ’ਚ ਗੋਲੀ ਲੱਗਣ ਕਾਰਨ ਮੌਤ ਹੋ ਗਈ। ਦਰਅਸਲ, ਗੁਰੂ ਨਾਨਕਪੁਰਾ ਇਲਾਕੇ ’ਚ ਉਸ ਵੇਲੇ ਸੰਨਸਨੀ ਫੈਲ ਗਈ, ਜਦੋਂ ਪੰਜਾਬ ਪੁਲਿਸ ਤੇ ਇੱਕ ਰਿਟਾਇਰਡ ਇੰਸਪੈਕਟਰ ਦੀ ਭੇਤਭਰੇ ਹਾਲਾਤਾਂ ’ਚ ਮੌਤ ਹੋਈ। ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਗੋਲੀ ਕਿਵੇਂ ਚੱਲੀ ਉਨ੍ਹਾਂ ਨੂੰ ਨਹੀਂ ਪਤਾ ਹੈ।
ਉਨ੍ਹਾਂ ਦੱਸਿਆ ਕਿ ਗੋਲੀ ਚੱਲਣ ਦੀ ਆਵਾਜ਼ ਉਨ੍ਹਾਂ ਨੇ ਕਮਰੇ ਤੋਂ ਸੁਣੀ ਸੀ ਅਤੇ ਜਦੋਂ ਅੰਦਰ ਜਾ ਕੇ ਦੇਖਿਆ ਤਾਂ ਸਭ ਕੁਝ ਖਤਮ ਹੋ ਚੁੱਕਿਆ ਸੀ। ਮ੍ਰਿਤਕ ਰਿਟਾਇਰਡ ਇੰਸਪੈਕਟਰ ਦੀ ਪਛਾਣ ਕਰਮਜੀਤ ਸਿੰਘ ਸੰਧੂ ਪੁੱਤਰ ਸਰਦਾਰ ਚਰਨਜੀਤ ਸਿੰਘ ਸੰਧੂ ਵਾਸੀ ਗੁਰੂ ਨਾਨਕਪੁਰਾ ਫਗਵਾੜਾ ਵੱਜੋਂ ਹੋਈ ਹੈ।
ਦੱਸਣਯੋਗ ਹੈ ਕਿ ਮ੍ਰਿਤਕ ਕਰਮਜੀਤ ਸਿੰਘ ਸੰਧੂ ਫਗਵਾੜਾ ਪੁਲਿਸ ’ਚ ਲੰਬੇ ਸਮੇਂ ਤੋਂ ਬਤੌਰ ਸਹਾਇਕ ਸਬ ਇੰਸਪੈਕਟਰ ਤਾਇਨਾਤ ਰਹੇ ਹਨ ਅਤੇ ਸਥਾਨਕ ਲੋਕਾਂ ’ਚ ਉਨ੍ਹਾਂ ਦੀ ਬਹੁਤ ਚੰਗੀ ਸਾਖ ਸੀ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਇਲਾਕੇ ਦੇ ਸਾਬਕਾ ਕੌਂਸਲਰ ਅਤੇ ਸੀਨੀਅਰ ਅਕਾਲੀ ਨੇਤਾ ਠੇਕੇਦਾਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਰਿਟਾਇਰਡ ਪੁਲਿਸ ਇੰਸਪੈਕਟਰ ਕਰਮਜੀਤ ਸਿੰਘ ਸੰਧੂ ਗੁਰੂ ਨਾਨਕਪੁਰ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਵਜੋਂ ਕੰਮ ਕਰ ਰਹੇ ਸਨ ਅਤੇ ਉਹਨਾਂ ਵੱਲੋਂ ਸਮਾਜ ਸੇਵਾ ਸਬੰਧੀ ਬੇਹੱਦ ਚੰਗੇ ਉਪਰਾਲੇ ਕੀਤੇ ਜਾ ਰਹੇ ਸਨ।
ਪੁਲਿਸ ਨੇ ਮ੍ਰਿਤਕ ਰਿਟਾਇਰਡ ਪੁਲਿਸ ਇੰਸਪੈਕਟਰ ਕਰਮਜੀਤ ਸਿੰਘ ਸੰਧੂ ਦੀ ਲਾਸ਼ ਨੂੰ ਕਬਜੇ ਚ ਲੈ ਕੇ ਪੋਸਟਮਾਰਟਮ ਲਈ ਸਿਵਿਲ ਹਸਪਤਾਲ ਫਗਵਾੜਾ ਦੇ ਮੁਰਦਾ ਘਰ ਭੇਜ ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਕਿ ਪੁਲਿਸ ਨੇ ਮੌਕੇ ਤੋਂ ਮ੍ਰਿਤਕ ਵੱਲੋਂ ਲਿਖਿਆ ਗਿਆ ਕਿਸੇ ਵੀ ਤਰ੍ਹਾਂ ਦਾ ਕੋਈ ਸੂਸਾਈਡ ਨੋਟ ਆਦਿ ਬਰਾਮਦ ਨਹੀਂ ਹੋਇਆ ਹੈ। ਉਹਨਾਂ ਕਿਹਾ ਕਿ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਅਤੇ ਇਲਾਕੇ ਚ ਰਹਿ ਰਹੇ ਲੋਕਾਂ ਤੋਂ ਜਾਣਕਾਰੀ ਲਈ ਜਾ ਰਹੀ ਹੈ।
EDITED BY- HARLEEN KAUR




