टॉप न्यूज़

ਪੰਜਾਬ ਦੇ ਇਸ ਸਰਕਾਰੀ ਸਕੂਲ ਦੀ ਪ੍ਰਿੰਸੀਪਲ ਨੂੰ ਸਸਪੈਂਡ ਕਰਨ ਦਾ ਹੁਕਮ ਜਾਰੀ

ਜਾਣੋ ਕਿਉਂ ਹੋਈ ਇਹ ਵੱਡੀ ਕਾਰਵਾਈ

ਪੰਜਾਬ ਵਿੱਚ ਇੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਿੰਸੀਪਲ ਖਿਲਾਫ ਵੱਡੀ ਪ੍ਰਸ਼ਾਸਕੀ ਕਾਰਵਾਈ ਕੀਤੀ ਗਈ ਹੈ। ਅਨੁਸੂਚਿਤ ਜਾਤੀ ਆਯੋਗ ਪੰਜਾਬ ਦੇ ਨਿਰਦੇਸ਼ਾਂ ਦੇ ਅਧਾਰ ’ਤੇ ਮੁਰਾਦਪੁਰਾ ਸਥਿਤ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਿੰਸੀਪਲ ਰੇਖਾ ਮਹਾਜਨ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਇਹ ਕਾਰਵਾਈ ਇੱਕ ਅਧਿਆਪਕ ਖਿਲਾਫ ਕਥਿਤ ਤੌਰ ’ਤੇ ਜਾਤੀਸੂਚਕ ਭਾਸ਼ਾ ਦੇ ਇਸਤੇਮਾਲ ਦੇ ਮਾਮਲੇ ਵਿੱਚ ਕੀਤੀ ਗਈ।

ਜਾਣਕਾਰੀ ਮੁਤਾਬਕ, ਸਕੂਲ ਵਿੱਚ ਕੰਮ ਕਰ ਰਹੇ ਡੀਪੀਈ ਅਧਿਆਪਕ ਜ਼ੋਰਿੰਦਰ ਸਿੰਘ ਨੇ ਪ੍ਰਿੰਸੀਪਲ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ। ਸ਼ਿਕਾਇਤ ਦੇ ਬਾਅਦ ਸਿੱਖਿਆ ਵਿਭਾਗ ਨੇ ਮਾਮਲੇ ਦੀ ਜਾਂਚ ਲਈ 2 ਮੈਂਬਰਾਂ ਦੀ ਜਾਂਚ ਕਮੇਟੀ ਬਣਾਈ ਸੀ। ਜਾਂਚ ਰਿਪੋਰਟ ਵਿੱਚ ਪ੍ਰਿੰਸੀਪਲ ਰੇਖਾ ਮਹਾਜਨ ਨੂੰ ਦੋਸ਼ੀ ਠਹਿਰਾਇਆ ਗਿਆ, ਜਿਸ ਦੇ ਅਧਾਰ ’ਤੇ ਸਸਪੈਂਸ਼ਨ ਦੀ ਕਾਰਵਾਈ ਲਾਗੂ ਕੀਤੀ ਗਈ।

ਇਸ ਮਾਮਲੇ ਸਬੰਧੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਦੱਸਿਆ ਕਿ ਇਸ ਮਾਮਲੇ ਦੀ ਕਮਿਸ਼ਨ ਦੀ ਅਦਾਲਤ ਵਿੱਚ ਦੋ ਵਾਰ ਸੁਣਵਾਈ ਹੋ ਚੁੱਕੀ ਹੈ। ਮੁੱਢਲੀ ਜਾਂਚ ਵਿੱਚ ਹੀ ਦੋਸ਼ ਸਹੀ ਪਾਏ ਗਏ ਸਨ ਜਦਕਿ ਵਿਭਾਗੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਸਬੰਧਤ ਪ੍ਰਿੰਸੀਪਲ ਪਹਿਲਾਂ ਵੀ ਅਜਿਹੇ ਮਾਮਲਿਆਂ ਵਿੱਚ ਸ਼ਾਮਲ ਹੈ।

ਉਨ੍ਹਾਂ ਕਿਹਾ ਕਿ ਹੁਣ ਇਸ ਮਾਮਲੇ ਵਿੱਚ ਵਿਭਾਗੀ ਕਾਰਵਾਈ ਦੇ ਨਾਲ-ਨਾਲ ਕਾਨੂੰਨੀ ਕਾਰਵਾਈ ਨੂੰ ਵੀ ਅੱਗੇ ਤੋਰਿਆ ਜਾਵੇਗਾ। ਕਮਿਸ਼ਨ ਨੇ ਪੁਲਿਸ ਵਿਭਾਗ ਨੂੰ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ (ਅੱਤਿਆਚਾਰ ਰੋਕੂ) ਐਕਟ 1989 ਤਹਿਤ ਲੋੜੀਂਦੀ ਕਾਰਵਾਈ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਫਿਲਹਾਲ ਇਸ ਮਾਮਲੇ ਦੀ ਅਗਲੀ ਸੁਣਵਾਈ ਜਾਰੀ ਰਹੇਗੀ ਅਤੇ ਦੋਸ਼ੀ ਸਾਬਤ ਹੋਣ ‘ਤੇ ਹੋਰ ਸਖ਼ਤ ਕਾਰਵਾਈ ਕੀਤੇ ਜਾਣ ਦੇ ਸੰਕੇਤ ਦਿੱਤੇ ਗਏ ਹਨ।

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!