टॉप न्यूज़
1.25 ਕਰੋੜ ਦਾ ਵਿਕਿਆ ਕਬਾੜ ‘ਚ ਖੜ੍ਹਾ ਟ੍ਰੈਕਟਰ
ਜਲੰਧਰ ਦੇ ਭਗਤ ਸਿੰਘ ਚੌਂਕ ਨੇੜੇ ਇਕ ਖੰਡਰਨੁਮਾ ਇਮਾਰਤ ਅੱਗੇ ਸਾਲਾਂ ਤੋਂ ਧੂੜ ਖਾਂਦਾ ਪਿਆ ਇੱਕ ਪੁਰਾਣਾ ਟ੍ਰੈਕਟਰ ਅਚਾਨਕ ਚਰਚਾ ਦਾ ਕੇਂਦਰ ਬਣ ਗਿਆ। ਜਿਸ ਨੂੰ ਸਥਾਨਕ ਲੋਕ ਕਬਾੜ ਸਮਝਦੇ ਰਹੇ, ਉਹੀ 105 ਸਾਲ ਪੁਰਾਣਾ ਵਿੰਟੇਜ ਟ੍ਰੈਕਟਰ ਹੁਣ 1.25 ਕਰੋੜ ਰੁਪਏ ਵਿੱਚ ਵਿਕ ਕੇ ਕੈਲੀਫੋਰਨੀਆ ਦੇ ਮਿਊਜ਼ੀਅਮ ਤੱਕ ਪਹੁੰਚ ਗਿਆ ਹੈ।
ਇਹ ਟ੍ਰੈਕਟਰ ਜਰਮਨੀ ਵਿੱਚ 1921 ਵਿੱਚ ਤਿਆਰ ਕੀਤਾ ਗਿਆ ਲੈਂਜ਼ ਬੁਲਡਾਗ ਐਚਐਲ-12 ਮਾਡਲ ਹੈ, ਜੋ ਵਿੰਟੇਜ ਵਾਹਨਾਂ ਦੀ ਦੁਨੀਆ ਵਿੱਚ ਆਪਣੀ ਵਿਲੱਖਣ ਪਛਾਣ ਰੱਖਦਾ ਹੈ। ਇਸ ਵਿੱਚ ਸਿੰਗਲ ਸਿਲੰਡਰ ਹਾਟ-ਬਲਬ ਇੰਜਣ ਲੱਗਿਆ ਸੀ, ਜਿਸਨੂੰ ਚਲਾਉਣ ਤੋਂ ਪਹਿਲਾਂ ਇੰਜਣ ਨੂੰ ਗਰਮ ਕਰਨਾ ਲਾਜ਼ਮੀ ਹੁੰਦਾ ਸੀ। ਇੱਕ ਵਾਰ ਗਰਮ ਹੋਣ ਤੋਂ ਬਾਅਦ ਇਹ ਘੱਟ ਗਤੀ ‘ਤੇ ਵੀ ਵੱਧ ਤਾਕਤ ਪੈਦਾ ਕਰਦਾ ਸੀ। ਆਪਣੇ ਸਮੇਂ ਵਿੱਚ ਇਸਦਾ ਇਸਤੇਮਾਲ ਖੇਤਾਂ ਵਿੱਚ ਹਲ ਚਲਾਉਣ, ਪਾਣੀ ਦੇ ਪੰਪ ਅਤੇ ਚੱਕੀ ਚਲਾਉਣ ਵਰਗੇ ਕੰਮਾਂ ਲਈ ਵੱਡੇ ਪੱਧਰ ‘ਤੇ ਹੁੰਦਾ ਸੀ।
ਸਥਾਨਕ ਦੁਕਾਨਦਾਰ ਪੁਨੀਤ ਵਡੇਰਾ ਮੁਤਾਬਕ ਕਿਸੇ ਨੂੰ ਅੰਦਾਜ਼ਾ ਵੀ ਨਹੀਂ ਸੀ ਕਿ ਇਹ ਟ੍ਰੈਕਟਰ ਵਿੰਟੇਜ ਦੁਨੀਆ ਦਾ ਅਨਮੋਲ ਨਮੂਨਾ ਹੈ। ਪਹਿਲਾਂ ਮੁੰਬਈ ਦੀ ਇੱਕ ਟ੍ਰੈਕਟਰ ਕੰਪਨੀ ਵੱਲੋਂ 2 ਲੱਖ ਰੁਪਏ ਦੀ ਪੇਸ਼ਕਸ਼ ਕੀਤੀ ਗਈ ਸੀ, ਜਿਸਨੂੰ ਠੁਕਰਾ ਦਿੱਤਾ ਗਿਆ। ਬਾਅਦ ਵਿੱਚ 28 ਲੱਖ ਤੱਕ ਦੀ ਬੋਲੀ ਵੀ ਲੱਗੀ, ਪਰ ਮਾਲਕਾਂ ਨੇ ਉਹ ਵੀ ਮਨਜ਼ੂਰ ਨਾ ਕੀਤੀ। ਆਖਿਰਕਾਰ ਇੱਕ ਵਿਦੇਸ਼ੀ ਕੰਪਨੀ ਨੇ ਇਸਦੀ ਅਸਲੀ ਕੀਮਤ ਨੂੰ ਸਮਝਦਿਆਂ 1.25 ਕਰੋੜ ਰੁਪਏ ਵਿੱਚ ਖਰੀਦ ਲਿਆ।
ਪਿਛਲੇ ਦਿਨ ਇਹ ਇਤਿਹਾਸਕ ਟ੍ਰੈਕਟਰ ਟਰੱਕ ਵਿੱਚ ਲੋਡ ਕਰਕੇ ਇਥੋਂ ਰਵਾਨਾ ਕੀਤਾ ਗਿਆ। ਹੁਣ ਇਸਨੂੰ ਕੈਲੀਫੋਰਨੀਆ ਦੇ ਇੱਕ ਮਿਊਜ਼ੀਅਮ ਵਿੱਚ ਸੰਭਾਲ ਕੇ ਰੱਖਿਆ ਜਾਵੇਗਾ, ਜਿੱਥੇ ਇਹ ਭਵਿੱਖੀ ਪੀੜ੍ਹੀਆਂ ਲਈ ਇਤਿਹਾਸਕ ਵਿਰਾਸਤ ਵਜੋਂ ਦਰਸਾਇਆ ਜਾਵੇਗਾ।
EDITED BY- HARLEEN KAUR




