
ਪੰਜਾਬ ‘ਚ ਨਸ਼ਾ ਵਿਰੋਧੀ ਮੁਹਿੰਮ ਵਿਚਾਲੇ ਕਈ ਵੱਡੇ ਖੁਲਾਸੇ ਹੋ ਰਹੇ ਹਨ। ਇਸ ਦੌਰਾਨ ਕਈ ਮੁਲਜ਼ਮਾਂ ਨੂੰ ਕਾਬੂ ਵੀ ਕਰ ਲਿਆ ਗਿਆ ਹੈ। ਹਾਲ ਹੀ ‘ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਕੁਝ ਵੱਡੇ ਸਰਕਾਰੀ ਸੁਰੱਖਿਆ ਫੋਰਸਾਂ ਦੇ ਅਫ਼ਸਰ ਹੀ ਨਸ਼ਾ ਸਮੱਗਲਰਾਂ ਨੂੰ ਸ਼ੈਲਟਰ ਦੇ ਰਹੇ ਹਨ। ਜਾਣਕਾਰੀ ਮੁਤਾਬਕ ਦੋ ਹਫ਼ਤੇ ਪਹਿਲਾਂ ਏ. ਐੱਨ. ਟੀ. ਐੱਫ. ਦੀ ਟੀਮ ਵੱਲੋਂ ਲਾਹੌਰੀ ਗੇਟ ਇਸਲਾਮਾਬਾਦ ਰੋਡ ਤੋਂ 2 ਕਿਲੋ ਹੈਰੋਇਨ ਸਣੇ ਚਾਰ ਸਮੱਗਲਰਾਂ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਸ ’ਚ ਕੈਨੇਡਾ ’ਚ ਬੈਠੇ ਸਮੱਗਲਰ ਗੁਰਵਿੰਦਰ ਸਿੰਘ ਬਾਬਾ ਦਾ ਨਾਂ ਸਾਹਮਣੇ ਆਇਆ।
ਜਦੋਂ ਏ. ਐੱਨ. ਟੀ. ਐੱਫ. ਨੇ ਗੁਰਵਿੰਦਰ ਦੇ ਪਿਤਾ ਨੂੰ ਜਾਂਚ ਲਈ ਬੁਲਾਉਣਾ ਸ਼ੁਰੂ ਕੀਤਾ ਤਾਂ ਅਚਾਨਕ ਇੰਟੈਲੀਜੈਂਸ ਵਿੰਗ ਦੇ ਅਫ਼ਸਰ ਰਿਪਨ ਕੁਮਾਰ ਦੀ ਐਂਟਰੀ ਹੋਈ ਅਤੇ ਕੱਪੜਾ ਵਪਾਰੀ ਗੌਰਵ ਅਰੋੜਾ ਦੇ ਜ਼ਰੀਏ 5 ਲੱਖ ਰੁਪਏ ਠੱਗ ਲਏ। ਏ. ਐੱਨ. ਟੀ. ਐੱਫ. ਦੇ ਅਧਿਕਾਰੀਆਂ ਨੂੰ ਜਦੋਂ ਇਸ ਦੀ ਸੂਚਨਾ ਮਿਲੀ ਤਾਂ ਗੌਰਵ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਪਰ ਰਿਪਨ ਅਜੇ ਫ਼ਰਾਰ ਚੱਲ ਰਿਹਾ ਹੈ। ਹਾਲਾਂਕਿ ਏ. ਐੱਨ. ਟੀ. ਐੱਫ. ਅਤੇ ਇੰਟੈਲੀਜੈਂਸ ਵਿੰਗ ਦੋਵੇਂ ਵੱਖ-ਵੱਖ ਵਿਭਾਗ ਹਨ, ਫਿਲਹਾਲ ਰਿਪਨ ਦੀ ਗ੍ਰਿਫ਼ਤਾਰੀ ਲਈ ਏ. ਐੱਨ. ਟੀ. ਐੱਫ. ਦੀ ਟੀਮ ਛਾਪੇਮਾਰੀ ਕਰ ਰਹੀ ਹੈ।
2 ਫਰਵਰੀ 2026 ਦੇ ਦਿਨ ਏ. ਐੱਨ. ਟੀ. ਐੱਫ. ਦੀ ਟੀਮ ਨੇ ਲਾਹੌਰੀ ਗੇਟ ਇਸਲਾਮਾਬਾਦ ਰੋਡ ’ਤੇ ਇਕ ਸਕੂਟੀ ਅਤੇ ਕਾਰ ਸਵਾਰ 4 ਨੌਜਵਾਨਾਂ ਨੂੰ ਕਾਬਜ਼ ਕੀਤਾ। ਸਕੂਟੀ ਦੀ ਡਿੱਗੀ ਵਿੱਚੋਂ 2 ਕਿਲੋ 80 ਗ੍ਰਾਮ ਹੀਰੋਇਨ ਜ਼ਬਤ ਕੀਤੀ ਗਈ। ਫੜੇ ਗਏ ਮੁਲਜ਼ਮਾਂ ’ਚ ਭੋਲੂ, ਪੀਯੂਸ਼, ਗੌਰਵ ਅਤੇ ਚਾਂਦ ਤੋਂ ਪੁੱਛਗਿੱਛ ਕੀਤੀ ਗਈ ਤਾਂ ਜੇਲ ’ਚ ਬੰਦ ਸਚਿਨ ਦਾ ਨਾਂ ਸਾਹਮਣੇ ਆਇਆ।
ਉਸ ਦੀ ਨਿਸ਼ਾਨਦੇਹੀ ਤੋਂ ਬਾਅਦ 9 ਲੱਖ ਦੀ ਡਰੱਗ ਮਨੀ, 3 ਪਿਸਤੌਲ ਬਰਾਮਦ ਕੀਤੇ ਗਏ ਅਤੇ ਕੈਨੇਡਾ ਨਿਵਾਸੀ ਗੁਰਵਿੰਦਰ ਸਿੰਘ ਉਰਫ਼ ਬਾਬਾ ਦਾ ਨਾਂ ਸਾਹਮਣੇ ਆਇਆ। ਜਦੋਂ ਗੁਰਵਿੰਦਰ ਦੇ ਪਿਤਾ ਨੂੰ ਬੁਲਾਇਆ ਗਿਆ ਤਾਂ ਉਸ ਨੇ ਦੱਸਿਆ ਕਿ ਉਨ੍ਹਾਂ ਦਾ ਨਾਂ ਕੇਸ ਵਿੱਚੋਂ ਬਾਹਰ ਕੱਢਣ ਲਈ ਗੌਰਵ ਅਰੋੜਾ ਆਇਆ ਸੀ ਅਤੇ 10 ਲੱਖ ਰੁਪਏ ਰਿਸ਼ਵਤ ਮੰਗੀ ਸੀ ਤੇ 5 ਲੱਖ ਦੇ ਦਿੱਤੇ। ਕੱਪੜਾ ਵਪਾਰੀ ਗੌਰਵ ਅਰੋੜਾ ਨੇ ਵੀ ਮੰਨਿਆ ਹੈ ਕਿ ਪਹਿਲਾਂ 3 ਲੱਖ ਅਤੇ ਫਿਰ 2 ਲੱਖ ਰੁਪਏ ਰਿਪਨ ਨੂੰ ਦਿੱਤੇ ਹਨ। ਰਿਪਨ ਦੀ ਗੱਲ ਕਰੀਏ ਤਾਂ ਉਹ ਲੰਬੇ ਸਮੇਂ ਤੱਕ ਐੱਸ. ਐੱਸ. ਪੀ. ਵਿਜੀਲੈਂਸ ਦਾ ਰੀਡਰ ਰਹਿ ਚੁੱਕਾ ਹੈ ਅਤੇ ਕੁਝ ਮਹੀਨੇ ਪਹਿਲਾਂ ਹੀ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਵਿੰਗ ’ਚ ਤਾਇਨਾਤ ਹੋਇਆ ਸੀ।
EDITED BY- HARLEEN KAUR




