टॉप न्यूज़
ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵੱਲੋਂ ਮੁਫ਼ਤ ਅੱਖਾਂ ਦੇ ਅਪਰੇਸ਼ਨ

ਪੰਜਾਬ ਸਰਕਾਰ ਦੀ ‘ਸਾਡੇ ਬਜ਼ੁਰਗ ਸਾਡਾ ਮਾਣ’ ਸਕੀਮ ਤਹਿਤ ਇੱਕ ਸਰਾਹਣਯੋਗ ਕਦਮ ਚੁੱਕਦਿਆਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵੱਲੋਂ ਆਪਣੇ ਗ੍ਰਹਿ ਵਿਖੇ ਬਣੇ ਕਲੀਨਿਕ ਵਿੱਚ ਮੁਫ਼ਤ ਅੱਖਾਂ ਦੇ ਅਪਰੇਸ਼ਨ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਦੌਰਾਨ ਉਹ ਮਰੀਜ਼, ਜਿਨ੍ਹਾਂ ਨੂੰ ਕੁਝ ਦਿਨ ਪਹਿਲਾਂ ਲਗੇ ਚੈਕਅੱਪ ਕੈਂਪ ਵਿੱਚ ਅਪਰੇਸ਼ਨ ਦੀ ਲੋੜ ਦੱਸੀ ਗਈ ਸੀ, ਉਨ੍ਹਾਂ ਦਾ ਇਲਾਜ ਕੀਤਾ ਗਿਆ।
ਡਾ. ਬਲਜੀਤ ਕੌਰ ਖੁਦ ਇੱਕ ਆਈ ਸਰਜਨ ਹਨ ਅਤੇ ਸਮੇਂ-ਸਮੇਂ ‘ਤੇ ਲੋੜਵੰਦ ਮਰੀਜ਼ਾਂ ਲਈ ਮੁਫ਼ਤ ਚੈਕਅੱਪ ਅਤੇ ਇਲਾਜ ਮੁਹੱਈਆ ਕਰਵਾਉਂਦੇ ਰਹਿੰਦੇ ਹਨ। ਕੁਝ ਦਿਨ ਪਹਿਲਾਂ ਲਗੇ ਵਿਸ਼ਾਲ ਅੱਖਾਂ ਦੇ ਚੈਕਅੱਪ ਕੈਂਪ ਵਿੱਚ ਲਗਭਗ ਇੱਕ ਹਜ਼ਾਰ ਮਰੀਜ਼ਾਂ ਦੀ ਜਾਂਚ ਕੀਤੀ ਗਈ ਸੀ। ਇਸ ਦੌਰਾਨ ਕਰੀਬ 100 ਮਰੀਜ਼ ਅਜਿਹੇ ਪਾਏ ਗਏ ਜਿਨ੍ਹਾਂ ਨੂੰ ਅੱਗੇ ਜਾ ਕੇ ਸਰਜਰੀ ਦੀ ਲੋੜ ਸੀ। ਖ਼ਾਸ ਕਰਕੇ ਚਿੱਟੇ ਮੋਤੀਏ ਦੇ ਅਪਰੇਸ਼ਨ ਅਤੇ ਅੱਖਾਂ ਵਿੱਚ ਲੈਂਸ ਪਾਉਣ ਵਾਲੀਆਂ ਸਰਜਰੀਆਂ ਦੀ ਜ਼ਰੂਰਤ ਸਾਹਮਣੇ ਆਈ।
ਪਹਿਲੇ ਪੜਾਅ ਵਿੱਚ 25 ਮਰੀਜ਼ਾਂ ਨੂੰ ਬੁਲਾ ਕੇ ਉਨ੍ਹਾਂ ਦੇ ਅਪਰੇਸ਼ਨ ਕੀਤੇ ਗਏ। ਇਲਾਜ ਤੋਂ ਬਾਅਦ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਖੁਸ਼ੀ ਪ੍ਰਗਟਾਈ ਅਤੇ ਇਸ ਪਹਲ ਲਈ ਧੰਨਵਾਦ ਕੀਤਾ। ਕਈ ਬਜ਼ੁਰਗ ਮਰੀਜ਼ਾਂ ਲਈ ਇਹ ਸਿਰਫ਼ ਇੱਕ ਸਰਜਰੀ ਨਹੀਂ, ਸਗੋਂ ਜ਼ਿੰਦਗੀ ਵਿੱਚ ਨਵੀਂ ਰੌਸ਼ਨੀ ਵਾਪਸ ਆਉਣ ਵਰਗਾ ਅਨੁਭਵ ਸੀ।
ਡਾ. ਬਲਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਕੋਸ਼ਿਸ਼ ਰਹਿੰਦੀ ਹੈ ਕਿ ਵੱਖ-ਵੱਖ ਸ਼ਹਿਰਾਂ ਅਤੇ ਪਿੰਡਾਂ ਵਿੱਚ ਅੱਖਾਂ ਦੇ ਚੈਕਅੱਪ ਕੈਂਪ ਲਗਾਏ ਜਾਣ, ਤਾਂ ਜੋ ਲੋੜਵੰਦ ਮਰੀਜ਼ਾਂ ਤੱਕ ਸਮੇਂ ਸਿਰ ਇਲਾਜ ਪਹੁੰਚ ਸਕੇ। ਉਨ੍ਹਾਂ ਕਿਹਾ ਕਿ ਜਿਹੜੇ ਮਰੀਜ਼ ਇਸ ਪੜਾਅ ਵਿੱਚ ਸ਼ਾਮਲ ਨਹੀਂ ਹੋ ਸਕੇ, ਉਨ੍ਹਾਂ ਦੇ ਅਪਰੇਸ਼ਨ ਅਗਲੇ ਪੜਾਅ ਵਿੱਚ ਕੀਤੇ ਜਾਣਗੇ ਅਤੇ ਇਹ ਯਤਨ ਲਗਾਤਾਰ ਜਾਰੀ ਰਹੇਗਾ।
EDITED BY- HARLEEN KAUR



