
ਪੰਜਾਬ ਦੇ ਵਿੱਚ ਸਰਕਾਰੀ ਬੱਸਾਂ ਦਾ ਅੱਜ ਵੀ ਚੱਕਾ ਜਾਮ ਜਾਰੀ ਰਹੇਗਾ। ਜਿਸ ਕਰਕੇ ਸਰਕਾਰੀ ਬੱਸਾਂ ‘ਚ ਸਫ਼ਰ ਕਰਨ ਵਾਲੇ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪੈਣੀ ਹੈ। ਦਰਅਸਲ ਬੀਤੇ ਦਿਨ ਤੋਂ ਪੂਰੇ ਪੰਜਾਬ ‘ਚ ਸਰਕਾਰੀ ਬੱਸਾਂ ਦਾ ਚੱਕਾ ਜਾਮ ਕੀਤਾ ਗਿਆ ਸੀ, ਜੋ ਕਿ ਅੱਜ ਵੀ ਜਾਰੀ ਰਹੇਗਾ। ਕੱਲ੍ਹ ਦੁਪਹਿਰ ਤੋਂ ਪੰਜਾਬ ਰੋਡਵੇਜ਼, ਪਨਬੱਸ ਅਤੇ ਪੀ. ਆਰ. ਟੀ. ਸੀ. ਕੰਟਰੈਕਟ ਵਰਕਰਜ਼ ਯੂਨੀਅਨ ਨੇ ਐਲਾਨ ਕੀਤਾ ਸੀ, ਜਿਸ ਤੋਂ ਬਾਅਦ ਬੱਸਾਂ ਬੰਦ ਕਰਕੇ ਹੜਤਾਲ ਸ਼ੁਰੂ ਹੋ ਗਈ ਸੀ।
ਪੀਆਰਟੀਸੀ ਦੇ ਕੰਟਰੈਕਟ ਕਰਮਚਾਰੀਆਂ ਦੇ ਹੜਤਾਲ ‘ਤੇ ਜਾਣ ਕਾਰਨ ਅੱਜ ਯਾਨੀਕਿ 12 ਫਰਵਰੀ ਪੰਜਾਬ ਵਿੱਚ ਕਈ ਰੂਟਾਂ ‘ਤੇ ਪੀਆਰਟੀਸੀ ਬੱਸਾਂ ਨਹੀਂ ਚੱਲਣਗੀਆਂ। ਇਸ ਦੌਰਾਨ, ਕਰਮਚਾਰੀਆਂ ਨੇ ਅੱਜ ਸੰਗਰੂਰ ਵਿੱਚ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਦੀ ਤਿਆਰੀ ਕੀਤੀ ਹੈ।
ਇਸ ਦੌਰਾਨ, ਪੀਆਰਟੀਸੀ ਕਰਮਚਾਰੀਆਂ ਦਾ ਦੋਸ਼ ਹੈ ਕਿ ਬੁੱਧਵਾਰ ਰਾਤ ਤੋਂ ਹੀ ਪੰਜਾਬ ਪ੍ਰਧਾਨ ਸਮੇਤ ਸਾਰੇ ਸੂਬਾ ਕਮੇਟੀ ਮੈਂਬਰਾਂ ਦੇ ਘਰਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੁਕਤਸਰ ਸਾਹਿਬ ਅਤੇ ਫਿਰੋਜ਼ਪੁਰ ਵਿੱਚ ਕੁਝ ਆਗੂਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਇਹ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਹੈ।
ਕਰਮਚਾਰੀਆਂ ਨੇ ਬੁੱਧਵਾਰ ਦੁਪਹਿਰ 12 ਵਜੇ ਸਟੇਟ ਟਰਾਂਸਪੋਰਟ ਸਕੱਤਰ ਨਾਲ ਮੀਟਿੰਗ ਕੀਤੀ। ਇਹ ਮੀਟਿੰਗ ਲਗਭਗ ਛੇ ਘੰਟੇ ਚੱਲੀ, ਪਰ ਉਨ੍ਹਾਂ ਦੀਆਂ ਮੰਗਾਂ ‘ਤੇ ਕੋਈ ਸਹਿਮਤੀ ਨਹੀਂ ਬਣ ਸਕੀ। ਮੀਟਿੰਗ ਬੇਸਿੱਟਾ ਰਹੀ। ਕਰਮਚਾਰੀ ਯੂਨੀਅਨ ਦੇ ਆਗੂ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਆਗੂਆਂ ਦੀ ਰਿਹਾਈ ਦੀ ਮੰਗ ਕਰ ਰਹੇ ਸਨ। ਕਰਮਚਾਰੀ ਅੱਜ ਦੁਪਹਿਰ 12 ਵਜੇ ਵਿਰੋਧ ਪ੍ਰਦਰਸ਼ਨ ਕਰਨਗੇ। ਪੁਲਿਸ ਵੱਲੋਂ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।
ਬੱਸਾਂ ਬੰਦ ਹੋਣ ਕਰਕੇ ਸਰਕਾਰੀ ਬੱਸਾਂ ਰਾਹੀਂ ਸਫਰ ਕਰਨ ਵਾਲਿਆਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਣਾ, ਖਾਸ ਕਰਕੇ ਦਫਤਰ ਜਾਣ ਵਾਲੇ, ਵਿਦਿਆਰਥੀਆਂ ਅਤੇ ਬੀਬੀਆਂ ਨੂੰ। ਸਰਕਾਰੀ ਬੱਸਾਂ ਵਿੱਚ ਮਹਿਲਾਵਾਂ ਦਾ ਸਫਰ ਫਰੀ ਹੈ। ਜਿਸ ਕਰਕੇ ਮਹਿਲਾਵਾਂ ਜ਼ਿਆਦਾਤਰ ਸਰਕਾਰੀ ਬੱਸਾਂ ਦੇ ਵਿੱਚ ਹੀ ਸਫਰ ਕਰਦੀਆਂ ਹਨ।
EDITED BY- HARLEEN KAUR




