टॉप न्यूज़
AAP ਸਰਪੰਚ ਦੇ ਕਤਲ ਮਾਮਲੇ ‘ਚ ਪੁਲਿਸ ਨੇ 2 ਮੁਲਜ਼ਮਾਂ ਦਾ ਕੀਤਾ ਐਨਕਾਊਂਟਰ

ਤਰਨਤਾਰਨ ਪੁਲਿਸ ਨੇ ਆਪ ਸਰਪੰਚ ਹਰਬਿੰਦਰ ਸਿੰਘ ਦੇ ਕਤਲ ਮਾਮਲੇ ‘ਚ ਅੱਜ ਪੱਟੀ ਹਲਕੇ ਦੇ ਪਿੰਡ ਜੱਲੋਕੇ ਨੇੜੇ 2 ਆਰੋਪੀਆਂ ਦਾ ਐਨਕਾਊਟਰ ਕਰ ਦਿੱਤਾ ਹੈ। ਇਸ ਮੁਕਾਬਲੇ ਦੌਰਾਨ ਦੋਵੇਂ ਸ਼ੂਟਰ ਅਰਸ਼ਦੀਪ ਸਿੰਘ ਅਤੇ ਰਮਨਪ੍ਰੀਤ ਸਿੰਘ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਪੁਲਿਸ ਨੇ ਉਨ੍ਹਾਂ ਤੋਂ ਦੋ 9mm ਅਤੇ 30-ਬੋਰ ਪਿਸਤੌਲ ਬਰਾਮਦ ਕੀਤੇ ਹਨ। ਪੁਲਿਸ ਹੁਣ ਦੋਵਾਂ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਕੇ ਹੋਰ ਪੁੱਛਗਿੱਛ ਕਰੇਗੀ, ਜਿਸ ਨਾਲ ਮਾਮਲੇ ਵਿੱਚ ਹੋਰ ਮਹੱਤਵਪੂਰਨ ਖੁਲਾਸੇ ਹੋਣ ਦੀ ਸੰਭਾਵਨਾ ਹੈ। ਪੁਲਿਸ ਨੇ ਇੱਕ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ।
ਜਾਣਕਾਰੀ ਅਨੁਸਾਰ ਸਦਰ ਪੱਟੀ ਤੇ ਐਸਐਚਓ ਸਰਹਾਲੀ ਦੀਆਂ ਦੋ ਟੀਮ ਸ਼ੱਕੀ ਮੁਲਜ਼ਮਾਂ ਦੀ ਭਾਲ ‘ਚ ਗਸ਼ਤ ਕਰ ਰਹੀਆਂ ਸਨ। ਪੁਲਿਸ ਨੂੰ ਇੱਕ ਖਾਸ ਇਨਪੁਟ ਮਿਲਿਆ ਸੀ। ਪੁਲਿਸ ਨੇ ਇੱਕ ਬਾਈਕ ‘ਤੇ ਸਵਾਰ ਦੋ ਸ਼ੱਕੀ ਮੁਲਜ਼ਮਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ, ਪਰ ਦੋਵੇਂ ਮੁਲਜ਼ਮਾਂ ਨੇ ਫਾਇਰਿੰਗ ਕੀਤੀ। ਪੁਲਿਸ ਦੀ ਜਵਾਬੀ ਕਾਰਵਾਈ ‘ਚ ਦੋਵੇਂ ਮੁਲਜ਼ਮ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ।
ਇਸ ਐਨਕਾਊਂਟਰ ‘ਚ ਮੁੱਖ ਸ਼ੂਟਰ ਰੋਮਨਪ੍ਰੀਤ ਸਿੰਘ (ਚੌਹਲਾ ਸਾਹਿਬ) ਦੇ ਦੋ ਗੋਲੀਆਂ ਲੱਗੀਆਂ ਹਨ, ਜਦਕਿ ਦੂਜੇ ਮੁਲਜ਼ਮ ਅਰਸ਼ਦੀਪ ਸਿੰਘ (ਜਲੰਧਰ) ਦੇ ਲੱਤ ‘ਚ ਗੋਲੀ ਲੱਗੀ ਹੈ। ਪੁਲਿਸ ਨੇ ਦੱਸਿਆ ਕਿ ਅਰਸ਼ਦੀਪ ਸਿੰਘ ਮੁੱਖ ਸ਼ੂਟਰ ਰੋਮਨਪ੍ਰੀਤ ਨੂੰ ਪਨਾਹ ਦੇ ਰਿਹਾ ਸੀ ਤੇ ਲਗਾਤਾਰ ਉਸ ਨਾਲ ਰਹਿ ਰਿਹਾ ਸੀ। ਦੱਸ ਦੇਈਏ ਕਿ ਇਸ ਮਾਮਲੇ ‘ਚ ਹੁਣ ਤੱਕ 4 ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ।



