टॉप न्यूज़

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੂੰ ED ਵੱਲੋਂ ਸੰਮਨ ਜਾਰੀ

ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਨੂੰ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ (ਫੇਮਾ) ਨਾਲ ਸਬੰਧਤ ਇੱਕ ਪੁਰਾਣੇ ਮਾਮਲੇ ਵਿੱਚ ਸੰਮਨ ਜਾਰੀ ਕੀਤਾ ਹੈ। ਇਹ ਸੰਮਨ ਈਡੀ ਦੇ ਜਲੰਧਰ ਦਫ਼ਤਰ ਵੱਲੋਂ ਭੇਜਿਆ ਗਿਆ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਖਰਾਬ ਸਿਹਤ ਦਾ ਹਵਾਲਾ ਦਿੰਦਿਆਂ ਪੇਸ਼ੀ ਲਈ ਕੁਝ ਹੋਰ ਸਮਾਂ ਮੰਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਵੇਲੇ ਉਹ ਮੋਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਗੋਢਿਆਂ ਦੀ ਸਮੱਸਿਆ ਦਾ ਇਲਾਜ ਕਰਵਾ ਰਹੇ ਹਨ ਅਤੇ ਡਾਕਟਰਾਂ ਦੀ ਨਿਗਰਾਨੀ ਹੇਠ ਹਨ। ਉਨ੍ਹਾਂ ਵੱਲੋਂ ਸਮਾਂ ਵਧਾਉਣ ਲਈ ਅਰਜ਼ੀ ED ਨੂੰ ਭੇਜੀ ਜਾ ਚੁੱਕੀ ਹੈ। ਹੁਣ ਏਜੰਸੀ ਮੈਡੀਕਲ ਦਸਤਾਵੇਜ਼ਾਂ ਦੀ ਸਮੀਖਿਆ ਕਰਨ ਤੋਂ ਬਾਅਦ ਅਗਲਾ ਫੈਸਲਾ ਲਵੇਗੀ।

ਕੈਪਟਨ ਅਮਰਿੰਦਰ ਸਿੰਘ ਪਹਿਲਾਂ ਕਾਂਗਰਸ ਸਰਕਾਰ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ। ਸਾਲ 2022 ਦੀ ਵਿਧਾਨ ਸਭਾ ਚੋਣ ਤੋਂ ਪਹਿਲਾਂ ਉਨ੍ਹਾਂ ਨੇ ਆਪਣੀ ਨਵੀਂ ਪਾਰਟੀ ‘ਪੰਜਾਬ ਲੋਕ ਕਾਂਗਰਸ’ ਬਣਾਈ ਸੀ, ਪਰ ਚੋਣਾਂ ਵਿੱਚ ਪਾਰਟੀ ਨੂੰ ਉਮੀਦ ਮੁਤਾਬਕ ਕਾਮਯਾਬੀ ਨਹੀਂ ਮਿਲੀ। ਇਸ ਤੋਂ ਬਾਅਦ ਉਹ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ।

ਦੱਸਿਆ ਜਾ ਰਿਹਾ ਹੈ ਕਿ ਇਹ ਜਾਂਚ ਉਨ੍ਹਾਂ ਦੇ ਪੁੱਤਰ ਰਣਇੰਦਰ ਸਿੰਘ ਨਾਲ ਜੁੜੇ ਇੱਕ ਪੁਰਾਣੇ ਮਾਮਲੇ ਨਾਲ ਸੰਬੰਧਿਤ ਹੈ। ਰਣਇੰਦਰ ਸਿੰਘ ’ਤੇ ਵਿਦੇਸ਼ਾਂ ਵਿੱਚ ਫੰਡ ਟ੍ਰਾਂਸਫਰ ਕਰਨ ਅਤੇ ਬ੍ਰਿਟਿਸ਼ ਵਰਜਿਨ ਆਇਲੈਂਡ ਵਿੱਚ ‘ਜੈਕਰਾਂਡਾ ਟਰਸਟ’ ਦੇ ਨਾਮ ਨਾਲ ਸੰਸਥਾ ਬਣਾਉਣ ਨੂੰ ਲੈ ਕੇ ਸਵਾਲ ਉਠੇ ਸਨ। ਇਸ ਮਾਮਲੇ ਵਿੱਚ ਸਵਿਟਜ਼ਰਲੈਂਡ ਨਾਲ ਜੁੜੇ ਕੁਝ ਵਿੱਤੀ ਲੈਣ-ਦੇਣ ਦੀ ਵੀ ਜਾਂਚ ਹੋ ਚੁੱਕੀ ਹੈ।

ਫਿਲਹਾਲ ਇਸ ਮਾਮਲੇ ਵਿੱਚ ਨਾ ਤਾਂ ਕੈਪਟਨ ਅਮਰਿੰਦਰ ਸਿੰਘ ਅਤੇ ਨਾ ਹੀ ED ਵੱਲੋਂ ਕੋਈ ਅਧਿਕਾਰਿਕ ਬਿਆਨ ਜਾਰੀ ਕੀਤਾ ਗਿਆ ਹੈ। ਸੂਤਰਾਂ ਮੁਤਾਬਕ ED ਕਾਨੂੰਨੀ ਪ੍ਰਕਿਰਿਆ ਦੇ ਤਹਿਤ ਅਗਲੀ ਕਾਰਵਾਈ ਕਰੇਗੀ।

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!