
ਰੇਲਵੇ ਮੰਤਰਾਲੇ ਨੇ ਬਰਨਾਲਾ ਵਿੱਚ ਵੰਦੇ ਭਾਰਤ ਐਕਸਪ੍ਰੈਸ ਦੇ ਰੁਕਣ ਨੂੰ ਲੈਕੇ ਬਹੁਤ ਪਹਿਲਾਂ ਐਲਾਨ ਕਰ ਦਿੱਤਾ ਸੀ। ਪਰ ਇਸ ਦੀ ਸ਼ੁਰੂਆਤ ਅੱਜ ਤੋਂ ਹੋ ਗਈ ਹੈ। ਦੱਸ ਦਈਏ ਕਿ ਅੱਜ ਤੋਂ ਵੰਦੇ ਭਾਰਤ ਐਕਸਪ੍ਰੈਸ ਬਰਨਾਲਾ ਸਟੇਸ਼ਨ ‘ਤੇ ਰੁਕਿਆ ਕਰੇਗੀ। ਇਸ ਬਾਰੇ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਜਾਣਕਾਰੀ ਸਾਂਝੀ ਕੀਤੀ। ਵੰਦੇ ਭਾਰਤ ਐਕਸਪ੍ਰੈਸ ਦਾ ਬਰਨਾਲਾ ਵਿੱਚ ਦੋ ਮਿੰਟ ਦਾ ਸਟਾਪੇਜ ਹੋਵੇਗਾ।
ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਰੇਲ ਯਾਤਰੀਆਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਰੇਲਵੇ ਨੇ ਫਿਰੋਜ਼ਪੁਰ ਕੈਂਟ-ਦਿੱਲੀ ਜੰਕਸ਼ਨ-ਫ਼ਿਰੋਜ਼ਪੁਰ ਕੈਂਟ ਵੰਦੇ ਭਾਰਤ ਐਕਸਪ੍ਰੈਸ ਨੂੰ ਬਰਨਾਲਾ (BNN) ਸਟੇਸ਼ਨ ‘ਤੇ ਸਟਾਪੇਜ ਦੇਣ ਦਾ ਫੈਸਲਾ ਕੀਤਾ ਹੈ। ਇਹ ਵਿਵਸਥਾ ਅੱਜ, 20 ਫਰਵਰੀ ਨੂੰ ਲਾਗੂ ਕੀਤੀ ਜਾਵੇਗੀ।
ਰੇਲਵੇ ਅਧਿਕਾਰੀਆਂ ਅਨੁਸਾਰ ਇਹ ਸਟਾਪੇਜ ਇਸ ਸਮੇਂ ਪ੍ਰਯੋਗਾਤਮਕ ਹੈ। ਇਸਨੂੰ ਸਥਾਈ ਬਣਾਉਣ ਦਾ ਫੈਸਲਾ ਯਾਤਰੀਆਂ ਦੀ ਗਿਣਤੀ ਅਤੇ ਪ੍ਰਤੀਕਿਰਿਆ ਦੇ ਆਧਾਰ ‘ਤੇ ਕੀਤਾ ਜਾਵੇਗਾ। ਇਸ ਨਾਲ ਬਰਨਾਲਾ ਅਤੇ ਆਸ ਪਾਸ ਦੇ ਖੇਤਰਾਂ ਵਿੱਚ ਯਾਤਰੀਆਂ ਨੂੰ ਕਾਫ਼ੀ ਰਾਹਤ ਮਿਲਣ ਦੀ ਉਮੀਦ ਹੈ।
ਰੇਲਗੱਡੀ ਨੰਬਰ 26462 ਫਿਰੋਜ਼ਪੁਰ ਛਾਉਣੀ-ਦਿੱਲੀ ਜੰਕਸ਼ਨ ਵੰਦੇ ਭਾਰਤ ਐਕਸਪ੍ਰੈਸ ਬਠਿੰਡਾ (BTI) ਵਿਖੇ ਸਵੇਰੇ 9:10 ਵਜੇ ਪਹੁੰਚੇਗੀ ਅਤੇ 9:15 ਵਜੇ ਰਵਾਨਾ ਹੋਵੇਗੀ। ਫਿਰ ਇਹ ਬਰਨਾਲਾ ਸਟੇਸ਼ਨ ‘ਤੇ ਸਵੇਰੇ 9:59 ਵਜੇ ਪਹੁੰਚੇਗੀ ਅਤੇ 10:01 ਵਜੇ ਰਵਾਨਾ ਹੋਵੇਗੀ। ਫਿਰ ਇਹ ਧੂਰੀ ਜੰਕਸ਼ਨ (DUI) ਵਿਖੇ ਸਵੇਰੇ 10:24 ਵਜੇ ਪਹੁੰਚੇਗੀ ਅਤੇ 10:26 ਵਜੇ ਰਵਾਨਾ ਹੋਵੇਗੀ।
ਰੇਲਗੱਡੀ ਨੰਬਰ 26461 ਦਿੱਲੀ ਜੰਕਸ਼ਨ-ਫਿਰੋਜ਼ਪੁਰ ਛਾਉਣੀ ਵੰਦੇ ਭਾਰਤ ਐਕਸਪ੍ਰੈਸ ਧੂਰੀ ਜੰਕਸ਼ਨ ਵਿਖੇ ਸ਼ਾਮ 7:56 ਵਜੇ ਪਹੁੰਚੇਗੀ ਅਤੇ 7:58 ਵਜੇ ਰਵਾਨਾ ਹੋਵੇਗੀ। ਇਹ ਬਰਨਾਲਾ ਸਟੇਸ਼ਨ ‘ਤੇ ਰਾਤ 8:20 ਵਜੇ ਪਹੁੰਚੇਗੀ ਅਤੇ 8:22 ਵਜੇ ਰਵਾਨਾ ਹੋਵੇਗੀ। ਫਿਰ ਇਹ ਬਠਿੰਡਾ ਸਵੇਰੇ 9:15 ਵਜੇ ਪਹੁੰਚੇਗੀ ਅਤੇ 9:20 ਵਜੇ ਰਵਾਨਾ ਹੋਵੇਗੀ।
EDITED BY- HARLEEN KAUR




