
ਪੰਜਾਬ ਵਿੱਚ DC ਦਫ਼ਤਰਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਹੁਣ ਤੱਕ ਗੁਰਦਾਸਪੁਰ ਅਤੇ ਮੁਕਤਸਰ ਦੇ DC ਦਫ਼ਤਰਾਂ ਤੱਕ ਇਹ ਧਮਕੀ ਪਹੁੰਚੀ ਹੈ, ਜਿਸ ਤੋਂ ਬਾਅਦ ਤੁਰੰਤ ਦਫ਼ਤਰ ਖਾਲੀ ਕਰਵਾ ਲਏ ਗਏ। ਮੌਕੇ ‘ਤੇ ਭਾਰੀ ਪੁਲਿਸ ਬਲ ਤਾਇਨਾਤ ਕਰ ਦਿੱਤਾ ਗਿਆ ਹੈ ਅਤੇ ਪੂਰਾ ਦਫ਼ਤਰ ਇਲਾਕਾ ਸੀਲ ਕਰ ਦਿੱਤਾ ਗਿਆ ਹੈ।
ਪੁਲਿਸ ਖੋਜੀ ਕੁੱਤਿਆਂ ਦੀ ਮਦਦ ਨਾਲ ਕਿਸੇ ਵੀ ਸੰਭਾਵਿਤ ਬੰਬ ਦੀ ਤਲਾਸ਼ ਕਰ ਰਹੀ ਹੈ। ਹੁਣ ਤੱਕ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਈ-ਮੇਲ ਪਾਕਿਸਤਾਨੀ ਸੰਗਠਨ ISKP ਦੇ ਨਾਮ ਤੋਂ ਭੇਜੀ ਗਈ ਸੀ। ਫਿਲਹਾਲ ਅਧਿਕਾਰੀਆਂ ਵੱਲੋਂ ਇਸ ਮਾਮਲੇ ‘ਤੇ ਕੋਈ ਸਰਕਾਰੀ ਬਿਆਨ ਨਹੀਂ ਦਿੱਤਾ ਗਿਆ ਹੈ।
ਪੁਲਿਸ ਜਾਂਚ ਦੇ ਬਾਅਦ ਇਸ ਮਾਮਲੇ ਬਾਰੇ ਅਧਿਕਾਰਿਕ ਤੌਰ ‘ਤੇ ਕੁਝ ਕਹੇਗੀ। ਪਹਿਲਾਂ ਅੰਮ੍ਰਿਤਸਰ, ਜਲੰਧਰ ਅਤੇ ਪਟਿਆਲਾ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲ ਚੁਕੀ ਸੀ। ਇਸ ਤੋਂ ਬਾਅਦ ਲੁਧਿਆਣਾ ਸਮੇਤ ਕਈ ਥਾਂਵਾਂ ‘ਤੇ ਕੋਰਟ ਕਾਂਪਲੈਕਸ ਉਡਾਉਣ ਦੀ ਵੀ ਧਮਕੀ ਮਿਲੀ। ਹਾਲਾਂਕਿ, ਖੋਜ ਦੌਰਾਨ ਕਿਸੇ ਵੀ ਕਿਸਮ ਦਾ ਬੰਬ ਨਹੀਂ ਮਿਲਿਆ।
ਇਸ ਤੋਂ ਪਹਿਲਾਂ ਪਿਛਲੇ ਸਾਲ ਵੀ ਦਸੰਬਰ ਮਹੀਨੇ ਦੇ ਵਿੱਚ ਸਕੂਲਾਂ ਨੂੰ ਬੰਬ ਨਾਲ ਉਡਾਉਣ ਵਾਲੀਆਂ ਧਮਕੀਆਂ ਭਰੀਆਂ ਈਮੇਲਾਂ ਆਈਆਂ ਸਨ। ਉਸ ਸਮੇਂ ਵੀ ਪੁਲਿਸ ਵੱਲੋਂ ਸੁਰੱਖਿਆ ਦੇ ਚੱਲਦੇ ਸਾਰੇ ਸਕੂਲਾਂ ਨੂੰ ਖਾਲੀ ਕਰਵਾ ਦਿੱਤਾ ਗਿਆ ਸੀ।
EDITED BY- HARLEEN KAUR




