
ਪੰਜਾਬ ਵਿਧਾਨਸਭਾ ਦੇ ਅੰਦਰ ਅਤੇ ਬਾਹਰ ਅੱਜ ਉਸ ਵੇਲੇ ਭਾਰੀ ਹੰਗਾਮਾ ਹੋ ਗਿਆ ਜਦੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਬਿਆਨ ਨੂੰ ਲੈ ਕੇ ਸੱਤਾ ਧਾਰੀ ਆਮ ਆਦਮੀ ਪਾਰਟੀ ਅਤੇ ਵਿਰੋਧੀ ਧਿਰ ਵਿਚਕਾਰ ਤਿੱਖੀ ਬਹਿਸ ਹੋਈ। ਮਾਮਲਾ ਇੰਨਾ ਗੰਭੀਰ ਹੋ ਗਿਆ ਕਿ ਸਦਨ ਦੀ ਕਾਰਵਾਈ ਦੌਰਾਨ ਸੁਖਪਾਲ ਵਲੋਂ ਮੁਆਫੀ ਮੰਗਣ ਤੋਂ ਇਨਕਾਰ ਕਰ ਦਿੱਤਾ ਗਿਆ।
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਖਹਿਰਾ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਬਿਆਨ ਨਾਲ ਮਾਂਵਾਂ-ਭੈਣਾਂ ਦੀਆਂ ਕੁੱਖਾਂ ਤੱਕ ਅਪਮਾਨ ਪਹੁੰਚਿਆ ਹੈ। ਚੀਮਾ ਨੇ ਦੋਸ਼ ਲਗਾਇਆ ਕਿ ਖਹਿਰਾ ਵਿਧਾਨਸਭਾ ਵਿੱਚ ਬਦਮਾਸ਼ੀ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਬਿਨਾਂ ਕਿਸੇ ਸ਼ਰਤ ਦੇ ਮੁਆਫ਼ੀ ਮੰਗਣੀ ਚਾਹੀਦੀ ਹੈ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਸੁਖਪਾਲ ਖਹਿਰਾ ਦੀ ਵਿਧਾਨਸਭਾ ਮੈਂਬਰਸ਼ਿਪ ਰੱਦ ਕੀਤੀ ਜਾਵੇ ਕਿਉਂਕਿ ਉਨ੍ਹਾਂ ਨੇ ਔਰਤਾਂ, ਦਲਿਤਾਂ ਅਤੇ ਮਜ਼ਦੂਰ ਵਰਗ ਦਾ ਅਪਮਾਨ ਕੀਤਾ ਹੈ।
ਇਸ ਮਾਮਲੇ ‘ਚ ਸਪੀਕਰ ਨੇ ਵੀ ਸਖ਼ਤ ਰੁਖ ਅਪਣਾਇਆ। ਸਪੀਕਰ ਨੇ ਖਹਿਰਾ ਨੂੰ ਸਾਫ ਕਿਹਾ ਕਿ ਪਹਿਲਾਂ ਮੁਆਫ਼ੀ ਮੰਗੋ ਅਤੇ ਉਸ ਤੋਂ ਬਾਅਦ ਹੀ ਆਪਣੀ ਗੱਲ ਰੱਖੋ। ਸਪੀਕਰ ਵੱਲੋਂ ਖਹਿਰਾ ਨੂੰ ਤੁਰੰਤ ਬੋਲਣ ਦਾ ਮੌਕਾ ਨਹੀਂ ਦਿੱਤਾ ਗਿਆ। ਇਸ ਦੇ ਵਿਰੋਧ ‘ਚ ਕਾਂਗਰਸ ਦੇ ਵਿਧਾਇਕਾਂ ਨੇ ਸਦਨ ਤੋਂ ਵਾਕਆਉਟ ਕਰ ਦਿੱਤਾ।
ਇਸ ਦੌਰਾਨ ਵਿਧਾਨਸਭਾ ਦੇ ਬਾਹਰ ਵੀ ਮਾਹੌਲ ਗਰਮ ਰਿਹਾ। ਆਮ ਆਦਮੀ ਪਾਰਟੀ ਦੀਆਂ ਮਹਿਲਾ ਵਿਧਾਇਕਾਂ ਨੇ ਸੁਖਪਾਲ ਖਹਿਰਾ ਦੇ ਖਿਲਾਫ਼ ਪ੍ਰਦਰਸ਼ਨ ਕੀਤਾ ਅਤੇ ਨਾਅਰੇਬਾਜ਼ੀ ਕੀਤੀ। ਮਹਿਲਾ ਵਿਧਾਇਕਾਂ ਨੇ ਖਹਿਰਾ ਦੀ ਮੈਂਬਰਸ਼ਿਪ ਰੱਦ ਕਰਨ ਦੀ ਮੰਗ ਕੀਤੀ।
ਮੰਤਰੀ ਅਮਨਦੀਪ ਸਿੰਘ ਅਰੋੜਾ ਨੇ ਕਿਹਾ ਕਿ ਖਹਿਰਾ ਦੇ ਬਿਆਨ ਦੀ ਕੋਈ ਮੁਆਫ਼ੀ ਨਹੀਂ ਹੋ ਸਕਦੀ। ਵਿਧਾਇਕ ਜੀਵਨਜੋਤ ਕੌਰ ਨੇ ਖਹਿਰਾ ‘ਤੇ ਤੰਜ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਪਰਸਨੈਲਿਟੀ ਡਿਸਆਰਡਰ ਹੈ ਅਤੇ ਉਨ੍ਹਾਂ ਨੇ ਮਾਂਵਾਂ-ਭੈਣਾਂ ਨਾਲ ਨਾਲ ਗਰੀਬੀ ਦਾ ਵੀ ਮਜ਼ਾਕ ਉਡਾਇਆ ਹੈ।
ਇਸੇ ਤਰ੍ਹਾਂ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਕਿਹਾ ਕਿ ਖਹਿਰਾ ਨੇ ਕਿਹਾ ਹੈ ਕਿ ਮੈਂ ਮੁਆਫ਼ੀ ਨਹੀਂ ਮੰਗਾਂਗਾ। ਉਨ੍ਹਾਂ ਕਿਹਾ ਕਿ ਸੁਖਪਾਲ ਖਹਿਰਾ ਨੂੰ ਜਨਤਕ ਤੌਰ ‘ਤੇ ਮੁਆਫ਼ੀ ਮੰਗਣੀ ਚਾਹੀਦੀ ਹੈ ਅਤੇ ਜਦੋਂ ਤੱਕ ਉਹ ਮੁਆਫ਼ੀ ਨਹੀਂ ਮੰਗਦੇ, ਤਦ ਤੱਕ ਵਿਰੋਧ ਜਾਰੀ ਰਹੇਗਾ।
ਦੂਜੇ ਪਾਸੇ, ਇਸ ਵਿਵਾਦ ਵਿਚਾਲੇ ਸੁਖਪਾਲ ਸਿੰਘ ਖਹਿਰਾ ਨੇ ਵੀ ਆਪਣਾ ਪੱਖ ਰੱਖਿਆ। ਵਿਧਾਨਸਭਾ ਪਹੁੰਚਣ ਤੋਂ ਬਾਅਦ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਗੈਰਹਾਜ਼ਰੀ ਵਿੱਚ ਉਨ੍ਹਾਂ ਖਿਲਾਫ਼ ਨਿੰਦਾ ਮਤਾ ਪਾਸ ਕੀਤਾ ਗਿਆ ਹੈ ਅਤੇ ਇਹ ਕਿਸ ਨਿਯਮ ਦੇ ਤਹਿਤ ਕੀਤਾ ਗਿਆ, ਇਹ ਸਵਾਲ ਖੜ੍ਹਾ ਹੁੰਦਾ ਹੈ।
ਇਸ ਬਿਆਨ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਖਹਿਰਾ ‘ਤੇ ਮਹਿਲਾਵਾਂ ਦੇ ਅਪਮਾਨ ਦੇ ਗੰਭੀਰ ਦੋਸ਼ ਲਗਾਏ ਹਨ। ਮਾਮਲਾ ਹੁਣ ਸਿਆਸੀ ਤੌਰ ‘ਤੇ ਕਾਫੀ ਗਰਮਾ ਗਿਆ ਹੈ ਅਤੇ ਸਦਨ ਦੇ ਅੰਦਰ-ਬਾਹਰ ਇਸ ‘ਤੇ ਤਿੱਖੀ ਰਾਜਨੀਤੀ ਦੇਖਣ ਨੂੰ ਮਿਲ ਰਹੀ ਹੈ।
EDITED BY- HARLEEN KAUR




