
ਮਿਡਲ ਈਸਟ ਵਿੱਚ ਵੱਧ ਰਹੇ ਤਣਾਅ ਦਾ ਅਸਰ ਹੁਣ ਸਿਰਫ਼ ਰਾਜਨੀਤੀ ਜਾਂ ਸੁਰੱਖਿਆ ਤੱਕ ਹੀ ਸੀਮਿਤ ਨਹੀਂ ਰਿਹਾ, ਬਲਕਿ ਇਸਦਾ ਸਿੱਧਾ ਪ੍ਰਭਾਵ ਪੰਜਾਬ ਦੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ‘ਤੇ ਵੀ ਪੈ ਰਿਹਾ ਹੈ। ਇਰਾਨ ਅਤੇ ਇਜ਼ਰਾਈਲ ਵਿਚਾਲੇ ਚੱਲ ਰਹੇ ਟਕਰਾਅ ਨੇ ਅੰਤਰਰਾਸ਼ਟਰੀ ਹਵਾਈ ਯਾਤਰਾ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ, ਜਿਸਦਾ ਸਿੱਧਾ ਨਤੀਜਾ ਕੈਨੇਡਾ ਅਤੇ ਅਮਰੀਕਾ ਜਾਣ ਵਾਲੇ ਵਿਦਿਆਰਥੀਆਂ ਨੂੰ ਭੁਗਤਣਾ ਪੈ ਰਿਹਾ ਹੈ।
ਮਾਹਿਰਾਂ ਮੁਤਾਬਕ, ਗਲਫ਼ ਦੇਸ਼ਾਂ ਦੇ ਏਅਰਸਪੇਸ ਦੇ ਬੰਦ ਹੋਣ ਕਾਰਨ ਹਵਾਈ ਕੰਪਨੀਆਂ ਨੂੰ ਆਪਣੇ ਰੂਟ ਬਦਲਣੇ ਪਏ ਹਨ। ਪਹਿਲਾਂ ਜਿੱਥੇ ਕੈਨੇਡਾ ਜਾਂ ਅਮਰੀਕਾ ਜਾਣ ਲਈ ਇੱਕ ਪਾਸੇ ਦਾ ਟਿਕਟ ਕਰੀਬ 70 ਤੋਂ 80 ਹਜ਼ਾਰ ਰੁਪਏ ਵਿੱਚ ਮਿਲ ਜਾਂਦਾ ਸੀ, ਹੁਣ ਉਹੀ ਖਰਚਾ ਵੱਧ ਕੇ 2.5 ਤੋਂ 3 ਲੱਖ ਰੁਪਏ ਤੱਕ ਪਹੁੰਚ ਗਿਆ ਹੈ। ਇਹ ਵਾਧਾ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਲਈ ਵੱਡੀ ਚਿੰਤਾ ਬਣ ਗਿਆ ਹੈ।
ਜਾਣਕਾਰੀ ਮੁਤਾਬਕ, ਮਿਡਲ ਈਸਟ ਵਿੱਚ ਤਣਾਅ ਕਾਰਨ ਹੁਣ ਤੱਕ ਲਗਭਗ 46 ਹਜ਼ਾਰ ਉਡਾਣਾਂ ਪ੍ਰਭਾਵਿਤ ਹੋ ਚੁੱਕੀਆਂ ਹਨ। ਹਵਾਈ ਕੰਪਨੀਆਂ ਹੁਣ ਆਪਣੇ ਜਹਾਜ਼ਾਂ ਨੂੰ ਯੂਰਪ ਦੇ ਰਸਤੇ ਰਾਹੀਂ ਅਮਰੀਕਾ ਅਤੇ ਕੈਨੇਡਾ ਵੱਲ ਮੋੜ ਰਹੀਆਂ ਹਨ, ਜਿਸ ਨਾਲ ਯਾਤਰਾ ਦਾ ਸਮਾਂ ਵੀ ਵਧ ਗਿਆ ਹੈ ਅਤੇ ਖਰਚ ਵੀ ਕਾਫ਼ੀ ਵਧ ਗਿਆ ਹੈ।
EDITED BY- HARLEEN KAUR




