धर्म
ਘਰ ਵਿੱਚ ਕਰ ਰਹੇ ਹੋ ਨਵਰਾਤਰੀ ਦੀ ਪੂਜਾ, ਤਾਂ ਪਹਿਲਾਂ ਇਹ ਪੜ੍ਹੋ ਜਰੂਰੀ ਗੱਲਾਂ

ਚੈਤ੍ਰ ਨਵਰਾਤਰੀ ਦਾ ਪਵਿੱਤਰ ਤਿਉਹਾਰ ਅੱਜ ਤੋਂ ਦੇਸ਼ ਭਰ ਵਿੱਚ ਧਾਰਮਿਕ ਸ਼ਰਧਾ ਅਤੇ ਉਤਸ਼ਾਹ ਨਾਲ ਸ਼ੁਰੂ ਹੋ ਗਿਆ ਹੈ। ਇਹ ਨੌ ਦਿਨ ਮਾਂ ਦੁਰਗਾ ਦੇ ਨੌਂ ਰੂਪਾਂ ਦੀ ਪੂਜਾ ਲਈ ਬਹੁਤ ਹੀ ਮਹੱਤਵਪੂਰਨ ਮੰਨੇ ਜਾਂਦੇ ਹਨ। ਜੋ ਵੀ ਭਗਤ ਇਨ੍ਹਾਂ ਦਿਨਾਂ ਦੌਰਾਨ ਸੱਚੀ ਸ਼ਰਧਾ ਅਤੇ ਭਗਤੀ ਨਾਲ ਮਾਤਾ ਦੀ ਪੂਜਾ ਕਰਦਾ ਹੈ, ਉਸਦੇ ਜੀਵਨ ਵਿੱਚ ਸ਼ਾਂਤੀ ਅਤੇ ਖੁਸ਼ਹਾਲੀ ਦਾ ਵਾਸ ਹੋ ਜਾਂਦਾ ਹੈ।
ਇਸ ਸਾਲ ਚੈਤ੍ਰ ਨਵਰਾਤਰੀ 19 ਮਾਰਚ ਤੋਂ ਸ਼ੁਰੂ ਹੋ ਕੇ 27 ਮਾਰਚ ਨੂੰ ਰਾਮਨਵਮੀ ਦੇ ਦਿਨ ਸਮਾਪਤ ਹੋਣਗੇ। ਇਸ ਵਾਰ ਨਵਰਾਤਰੀ ਦੀ ਸ਼ੁਰੂਆਤ ਵੀਰਵਾਰ ਨੂੰ ਹੋਣ ਕਾਰਨ ਮੰਨਿਆ ਜਾ ਰਿਹਾ ਹੈ ਕਿ ਮਾਂ ਦੁਰਗਾ ਪਾਲਕੀ ਵਿੱਚ ਸਵਾਰ ਹੋ ਕੇ ਆਵੇਗੀ, ਜੋ ਆਉਣ ਵਾਲੇ ਸਮੇਂ ਲਈ ਵਿਸ਼ੇਸ਼ ਸੰਕੇਤ ਮੰਨਿਆ ਜਾਂਦਾ ਹੈ।
ਧਾਰਮਿਕ ਮੰਨਤਾਂ ਅਨੁਸਾਰ ਮਾਂ ਦਾ ਵਾਹਨ ਨਵਰਾਤਰੀ ਦੇ ਸ਼ੁਰੂ ਹੋਣ ਵਾਲੇ ਦਿਨ ਨਾਲ ਜੁੜਿਆ ਹੁੰਦਾ ਹੈ। ਜੇਕਰ ਨਵਰਾਤਰੀ ਐਤਵਾਰ ਜਾਂ ਸੋਮਵਾਰ ਨੂੰ ਸ਼ੁਰੂ ਹੋਣ ਤਾਂ ਮਾਂ ਹਾਥੀ ‘ਤੇ ਸਵਾਰ ਹੁੰਦੀ ਹੈ, ਜਦਕਿ ਸ਼ਨੀਵਾਰ ਅਤੇ ਮੰਗਲਵਾਰ ਨੂੰ ਸ਼ੁਰੂ ਹੋਣ ਤੇ ਘੋੜਾ ਵਾਹਨ ਮੰਨਿਆ ਜਾਂਦਾ ਹੈ। ਵੀਰਵਾਰ ਅਤੇ ਸ਼ੁੱਕਰਵਾਰ ਨੂੰ ਆਗਮਨ ਪਾਲਕੀ ਵਿੱਚ ਅਤੇ ਬੁੱਧਵਾਰ ਨੂੰ ਮਾਂ ਦਾ ਆਗਮਨ ਕਿਸ਼ਤੀ ‘ਤੇ ਮੰਨਿਆ ਜਾਂਦਾ ਹੈ।
ਨਵਰਾਤਰੀ ਦੌਰਾਨ ਪੂਜਾ ਲਈ ਪੂਰੀ ਸਮੱਗਰੀ ਹੋਣਾ ਬਹੁਤ ਜਰੂਰੀ ਮੰਨਿਆ ਜਾਂਦਾ ਹੈ। ਇਸ ਵਿੱਚ ਮਾਂ ਦੁਰਗਾ ਦੀ ਤਸਵੀਰ, ਚੌਕੀ, ਲਾਲ ਚੁੰਨੀ, ਸਿੰਦੂਰ, ਚੂੜੀਆਂ, ਕਾਜਲ, ਗਜਰਾ, ਨਥ, ਪਾਇਲ ਵਰਗੀਆਂ ਸਿੰਗਾਰ ਦੀਆਂ ਵਸਤਾਂ ਸ਼ਾਮਲ ਹਨ। ਇਸ ਤੋਂ ਇਲਾਵਾ ਮਿੱਟੀ ਦਾ ਬਰਤਨ ਅਤੇ ਜੌ, ਤਾਮਬੇ ਜਾਂ ਮਿੱਟੀ ਦਾ ਕਲਸ਼, ਆਮ ਦੇ ਪੱਤੇ, ਨਾਰੀਅਲ, ਰੋਲੀ, ਅੱਖਤ, ਝੰਡਾ, ਫੁੱਲ ਮਾਲਾ, ਅਗਰਬੱਤੀ, ਦੀਵਾ, ਘਿਓ, ਫਲ, ਮਿਠਾਈ, ਗੰਗਾਜਲ ਅਤੇ ਕਪੂਰ ਵੀ ਪੂਜਾ ਵਿੱਚ ਵਰਤੇ ਜਾਂਦੇ ਹਨ।
ਕਲਸ਼ ਸਥਾਪਨਾ ਲਈ ਅੱਜ ਦਾ ਅਭਿਜੀਤ ਮੁਹੂਰਤ ਦੁਪਹਿਰ 12 ਵਜੇ 5 ਮਿੰਟ ਤੋਂ 12 ਵਜੇ 53 ਮਿੰਟ ਤੱਕ ਸਭ ਤੋਂ ਸ਼ੁਭ ਮੰਨਿਆ ਜਾ ਰਿਹਾ ਹੈ। ਇਸਦੇ ਨਾਲ ਹੀ ਲਾਭ ਚੌਘੜੀਆ ਦੁਪਹਿਰ 12 ਵਜੇ 29 ਮਿੰਟ ਤੋਂ 1 ਵਜੇ 59 ਮਿੰਟ ਤੱਕ ਰਹੇਗਾ, ਜਿਸ ਦੌਰਾਨ ਕਲਸ਼ ਸਥਾਪਨਾ ਕਰਨਾ ਬਹੁਤ ਹੀ ਫਲਦਾਇਕ ਮੰਨਿਆ ਗਿਆ ਹੈ।
ਜੋ ਭਗਤ ਦੁਪਹਿਰ ਵਿੱਚ ਪੂਜਾ ਨਹੀਂ ਕਰ ਸਕਦੇ, ਉਨ੍ਹਾਂ ਲਈ ਸਵੇਰੇ 6 ਵਜੇ 54 ਮਿੰਟ ਤੋਂ 7 ਵਜੇ 57 ਮਿੰਟ ਤੱਕ ਸ਼ੁਭ ਚੌਘੜੀਆ ਵਿੱਚ ਵੀ ਕਲਸ਼ ਸਥਾਪਨਾ ਕੀਤੀ ਜਾ ਸਕਦੀ ਹੈ। ਇਨ੍ਹਾਂ ਮੁਹੂਰਤਾਂ ਵਿੱਚ ਵਿਧੀ ਅਨੁਸਾਰ ਕੀਤੀ ਗਈ ਪੂਜਾ ਵਿਸ਼ੇਸ਼ ਫਲ ਦੇਣ ਵਾਲੀ ਮੰਨੀ ਜਾਂਦੀ ਹੈ। ਇਸ ਤਰ੍ਹਾਂ ਨਵਰਾਤਰੀ ਦੇ ਇਹ ਨੌ ਦਿਨ ਸਿਰਫ਼ ਧਾਰਮਿਕ ਮਹੱਤਵ ਹੀ ਨਹੀਂ ਰੱਖਦੇ, ਸਗੋਂ ਆਤਮਿਕ ਸ਼ਾਂਤੀ ਅਤੇ ਨਵੀਂ ਉਰਜਾ ਦਾ ਸੰਦੇਸ਼ ਵੀ ਦਿੰਦੇ ਹਨ।
EDITED BY- HARLEEN KAUR




