
ਹਵਾਈ ਯਾਤਰਾ ਕਰਨ ਵਾਲਿਆਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ, ਖ਼ਾਸ ਕਰਕੇ ਪੰਜਾਬ ਦੇ ਯਾਤਰੀਆਂ ਲਈ। ਪੰਜਾਬ ਦੇ ਆਦਮਪੁਰ ਏਅਰਬੇਸ ‘ਤੇ ਜਲਦ ਹੀ ਰਨਵੇ ਮੁਰੰਮਤ ਦਾ ਕੰਮ ਸ਼ੁਰੂ ਹੋਣ ਜਾ ਰਿਹਾ ਹੈ, ਜਿਸ ਕਾਰਨ ਇਹ ਏਅਰਪੋਰਟ ਲਗਭਗ 8 ਮਹੀਨੇ ਲਈ ਬੰਦ ਰਹਿ ਸਕਦਾ ਹੈ। ਇਹ ਖ਼ਬਰ ਯਾਤਰੀਆਂ ਲਈ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ ਕਿਉਂਕਿ ਇਸ ਨਾਲ ਉਡਾਣ ਸੇਵਾਵਾਂ ‘ਤੇ ਸਿੱਧਾ ਅਸਰ ਪਵੇਗਾ।
ਜਾਣਕਾਰੀ ਮੁਤਾਬਕ, ਆਦਮਪੁਰ ਏਅਰਬੇਸ ‘ਤੇ ਇਹ ਕੰਮ ਨਵੰਬਰ ਤੋਂ ਬਾਅਦ ਸ਼ੁਰੂ ਕੀਤਾ ਜਾਵੇਗਾ। ਹਾਲਾਂਕਿ ਬੰਦਸ਼ ਦੀ ਮਿਆਦ ਲੰਬੀ ਹੋ ਸਕਦੀ ਹੈ, ਪਰ ਇਹ ਕੰਮ ਫੌਜੀ ਮਿਆਰਾਂ ਦੇ ਅਨੁਸਾਰ ਰਨਵੇ ਨੂੰ ਮਜ਼ਬੂਤ ਬਣਾਉਣ ਲਈ ਕੀਤਾ ਜਾ ਰਿਹਾ ਹੈ। ਇਹ ਏਅਰਪੋਰਟ ਸਿਵਲ ਅਤੇ ਮਿਲਟਰੀ ਦੋਵੇਂ ਤਰ੍ਹਾਂ ਦੀਆਂ ਉਡਾਣਾਂ ਲਈ ਵਰਤਿਆ ਜਾਂਦਾ ਹੈ, ਜਿਸ ਕਰਕੇ ਇਸਦੀ ਰਣਨੀਤਿਕ ਮਹੱਤਤਾ ਵੀ ਕਾਫ਼ੀ ਵੱਧ ਹੈ।
ਜ਼ੋਧਪੁਰ ਏਅਰਪੋਰਟ ‘ਤੇ ਸਭ ਤੋਂ ਪਹਿਲਾਂ ਕੰਮ ਸ਼ੁਰੂ ਹੋਵੇਗਾ, ਜਿੱਥੇ 29 ਮਾਰਚ ਤੋਂ 27 ਅਪ੍ਰੈਲ ਤੱਕ ਲਗਭਗ ਇੱਕ ਮਹੀਨੇ ਲਈ ਸਾਰੀਆਂ ਸਿਵਲ ਉਡਾਣਾਂ ਬੰਦ ਰਹਿਣਗੀਆਂ। ਇਸ ਕਾਰਨ ਇੰਡਿਗੋ, ਏਅਰ ਇੰਡੀਆ ਅਤੇ ਏਅਰ ਇੰਡੀਆ ਐਕਸਪ੍ਰੈਸ ਵਰਗੀਆਂ ਏਅਰਲਾਈਨਾਂ ਨੇ 28 ਮਾਰਚ ਤੋਂ ਬਾਅਦ ਦੀਆਂ ਬੁਕਿੰਗਾਂ ਪਹਿਲਾਂ ਹੀ ਰੋਕ ਦਿੱਤੀਆਂ ਹਨ।
ਸ੍ਰੀਨਗਰ ਏਅਰਪੋਰਟ ‘ਤੇ ਵੀ ਯਾਤਰੀਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ। ਇੱਥੇ ਅਗਸਤ ਤੋਂ ਅਕਤੂਬਰ ਦੇ ਵਿਚਕਾਰ ਹਰ ਹਫ਼ਤੇ ਦੇ ਅੰਤ ‘ਤੇ ਉਡਾਣਾਂ ਬੰਦ ਰਹਿਣਗੀਆਂ। ਇਸ ਤੋਂ ਇਲਾਵਾ, 16 ਅਕਤੂਬਰ ਤੋਂ 5 ਨਵੰਬਰ ਤੱਕ ਪੂਰਾ ਏਅਰਪੋਰਟ 21 ਦਿਨਾਂ ਲਈ ਬੰਦ ਰਹੇਗਾ।
ਪੁਣੇ ਏਅਰਪੋਰਟ ਦੀ ਗੱਲ ਕਰੀਏ ਤਾਂ ਇੱਥੇ ਵੀ ਇਸ ਸਾਲ ਦੇ ਅੰਤ ਵਿੱਚ ਮੁਰੰਮਤ ਕਾਰਨ ਉਡਾਣਾਂ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ, ਹਾਲਾਂਕਿ ਅਜੇ ਤੱਕ ਇਸਦਾ ਪੂਰਾ ਸ਼ਡਿਊਲ ਜਾਰੀ ਨਹੀਂ ਕੀਤਾ ਗਿਆ।
ਖ਼ਾਸ ਗੱਲ ਇਹ ਹੈ ਕਿ ਇਹ ਸਾਰੇ ਏਅਰਪੋਰਟ ਭਾਰਤੀ ਹਵਾਈ ਸੈਨਾ ਵੱਲੋਂ ਚਲਾਏ ਜਾਂਦੇ ਹਨ ਅਤੇ ਸਿਵਲ ਉਡਾਣਾਂ ਨਾਲ ਨਾਲ ਫੌਜੀ ਜਹਾਜ਼ਾਂ ਲਈ ਵੀ ਵਰਤੇ ਜਾਂਦੇ ਹਨ। ਫਾਈਟਰ ਜੈੱਟਾਂ ਲਈ ਰਨਵੇ ਦੀ ਗੁਣਵੱਤਾ ਉੱਚ ਦਰਜੇ ਦੀ ਹੋਣੀ ਲਾਜ਼ਮੀ ਹੁੰਦੀ ਹੈ, ਜਿਸ ਕਰਕੇ ਸਮੇਂ-ਸਮੇਂ ‘ਤੇ ਇਸ ਤਰ੍ਹਾਂ ਦੀ ਮੁਰੰਮਤ ਕਰਨੀ ਪੈਂਦੀ ਹੈ।
ਅਧਿਕਾਰੀਆਂ ਵੱਲੋਂ ਪਹਿਲਾਂ ਹੀ ਏਅਰਲਾਈਨਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਕੁਝ ਮਾਮਲਿਆਂ ਵਿੱਚ ਨੋਟਿਸ ਵੀ ਜਾਰੀ ਕੀਤੇ ਜਾ ਚੁੱਕੇ ਹਨ, ਤਾਂ ਜੋ ਯਾਤਰੀ ਆਪਣੀਆਂ ਯਾਤਰਾ ਯੋਜਨਾਵਾਂ ਪਹਿਲਾਂ ਤੋਂ ਬਦਲ ਸਕਣ।
EDITED BY- HARLEEN KAUR




