Chandigarh ਪੁਲਿਸ ਦੀ ਵਾਂਟੇਡ ਕ੍ਰਿਸਪੀ ਖਹਿਰਾ ਦੇ ਪਤੀ ਨੂੰ ਅਦਾਲਤ ਨੇ ਸੁਣਾਈ 2 ਸਾਲ ਦੀ ਸਜ਼ਾ
ਜਾਣੋਂ ਪੂਰਾ ਮਾਮਲਾ

ਚੰਡੀਗੜ੍ਹ ‘ਚ ਵਾਂਟੇਡ ਆਰੋਪੀ ਕ੍ਰਿਸਪੀ ਖਹਿਰਾ ਦੇ ਪਤੀ ਦਵਿੰਦਰ ਸਿੰਘ ਗਿੱਲ ਨੂੰ ਜ਼ਿਲ੍ਹਾ ਅਦਾਲਤ ਨੇ ਇਮੀਗ੍ਰੇਸ਼ਨ ਧੋਖਾਧੜੀ ਅਤੇ ਚੈੱਕ ਬਾਊਂਸ ਦੇ ਮਾਮਲੇ ‘ਚ 2 ਸਾਲ ਦੀ ਸਜ਼ਾ ਸੁਣਾਈ ਹੈ। ਪੀੜਤ ਵਿਅਕਤੀ ਨੂੰ 25 ਲੱਖ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਗਿਆ ਹੈ। ਇਸ ਮਾਮਲੇ ਵਿੱਚ ਕ੍ਰਿਸਪੀ ਖਹਿਰਾ ਦਾ ਨਾਮ ਵੀ ਸਾਹਮਣੇ ਆਇਆ ਹੈ, ਹਾਲਾਂਕਿ ਉਸਨੂੰ ਅਜੇ ਤੱਕ ਸਜ਼ਾ ਨਹੀਂ ਹੋਈ ਹੈ।
ਦੋਵਾਂ ਨੇ ਇੱਕ ਮੈਡੀਕਲ ਸਟੋਰ ਮਾਲਕ ਤੋਂ ਉਨ੍ਹਾਂ ਦੇ ਬੇਟੇ ਨੂੰ ਕੈਨੇਡਾ ਭੇਜਣ ਦੇ ਨਾਮ ‘ਤੇ ₹30 ਲੱਖ ਲਏ ਸਨ ਪਰ ਇਸ ਤੋਂ ਬਾਅਦ ਵੀ ਉਸਨੂੰ ਵਿਦੇਸ਼ ਨਹੀਂ ਭੇਜਿਆ ਗਿਆ। ਇਹ ਮਾਮਲਾ 6 ਸਤੰਬਰ, 2019 ਦਾ ਹੈ। ਅਦਾਲਤ ਨੇ ਲਗਭਗ 6 ਸਾਲ ਅਤੇ 5 ਮਹੀਨੇ ਚੱਲੇ ਮੁਕੱਦਮੇ ਤੋਂ ਬਾਅਦ ਇਹ ਫੈਸਲਾ ਸੁਣਾਇਆ ਹੈ।
ਅਦਾਲਤ ਦੇ ਹੁਕਮਾਂ ਅਨੁਸਾਰ ਕ੍ਰਿਸਪੀ ਖਹਿਰਾ ਦੇ ਨਾਮ ‘ਤੇ ਦੋ ਚੈੱਕ ਜਾਰੀ ਕੀਤੇ ਗਏ ਸਨ। ਓਥੇ ਹੀ ਕ੍ਰਿਸਪੀ ਖਹਿਰਾ ਚੰਡੀਗੜ੍ਹ ਪੁਲਿਸ ਦੀ ਵਾਂਟੇਡ ਸੂਚੀ ‘ਚ ਸ਼ਾਮਿਲ ਹੈ ਅਤੇ ਉਸਦੇ ਲਈ 50 ਹਜ਼ਾਰ ਰੁਪਏ ਦਾ ਇਨਾਮ ਦਾ ਘੋਸ਼ਿਤ ਕੀਤਾ ਗਿਆ ਸੀ। ਹਾਲਾਂਕਿ, ਉਨ੍ਹਾਂ ਵਿੱਚੋਂ ਕਿਸੇ ਨੂੰ ਵੀ ਅਜੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ।
ਸੈਕਟਰ 46 ਦੇ ਇੱਕ ਮੈਡੀਕਲ ਸਟੋਰ ਮਾਲਕ ਨਰੇਸ਼ ਭਾਟੀਆ ਨੇ ਪੁਲਿਸ ਨੂੰ ਦੱਸਿਆ ਕਿ ਆਰੋਪੀ ਦਵਿੰਦਰ ਸਿੰਘ ਗਿੱਲ ਨੂੰ 2015 ਤੋਂ ਜਾਣਦਾ ਸੀ। ਦੋਵੇਂ ਇੱਕ ਕਿਟੀ ਗਰੁੱਪ ਦੇ ਮੈਂਬਰ ਸਨ ਅਤੇ ਉਨ੍ਹਾਂ ਦੇ ਚੰਗੇ ਸਬੰਧ ਸਨ। ਨਵੰਬਰ 2018 ਵਿੱਚ ਸੈਕਟਰ 35 ਦੇ ਗੋਪਾਲ ਸਵੀਟਸ ਵਿੱਚ ਇੱਕ ਮੀਟਿੰਗ ਦੌਰਾਨ ਆਰੋਪੀ ਨੇ ਉਸਨੂੰ ਆਪਣੀ ਪਤਨੀ ਦੇ ਇਮੀਗ੍ਰੇਸ਼ਨ ਕਾਰੋਬਾਰ ਬਾਰੇ ਦੱਸਿਆ। ਇਸ ਤੋਂ ਬਾਅਦ ਸ਼ਿਕਾਇਤਕਰਤਾ ਨੇ ਆਪਣੇ ਪੁੱਤਰ ਨੂੰ PR ‘ਤੇ ਕੈਨੇਡਾ ਭੇਜਣ ਦੀ ਇੱਛਾ ਜ਼ਾਹਰ ਕੀਤੀ।
ਨਰੇਸ਼ ਭਾਟੀਆ ਨੇ ਦੱਸਿਆ ਕਿ ਆਰੋਪੀ ਅਤੇ ਉਸਦੀ ਪਤਨੀ ਨੇ ਆਪਣੇ ਬੇਟੇ ਨੂੰ ਵਿਦੇਸ਼ ਭੇਜਣ ਲਈ 30 ਲੱਖ ਰੁਪਏ ਦੀ ਮੰਗ ਕੀਤੀ। ਉਸਨੇ ₹9 ਲੱਖ ਨਕਦ ਦਿਤੇ ਅਤੇ 14 ਲੱਖ ਰੁਪਏ ਆਰਟੀਜੀਐਸ ਰਾਹੀਂ ਟ੍ਰਾਂਸਫਰ ਕੀਤੇ ਅਤੇ ਬਾਅਦ ਵਿੱਚ ₹7 ਲੱਖ ਹੋਰ ਨਕਦ ਅਦਾ ਕੀਤੇ। ਇਹ ਕੁੱਲ ₹30 ਲੱਖ ਬਣ ਗਏ। ਹਾਲਾਂਕਿ ਪੈਸੇ ਪ੍ਰਾਪਤ ਕਰਨ ਤੋਂ ਬਾਅਦ ਆਰੋਪੀ ਨੇ ਨਾ ਤਾਂ ਪੁੱਤਰ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਕੋਈ ਪ੍ਰਕਿਰਿਆ ਪੂਰੀ ਕੀਤੀ। ਜਦੋਂ ਪੈਸੇ ਵਾਪਸ ਮੰਗੇ ਗਏ ਤਾਂ ਆਰੋਪੀ ਟਾਲ-ਮਟੋਲ ਕਰਦਾ ਰਿਹਾ ਅਤੇ ਬਾਅਦ ਵਿੱਚ ਉਸ ਨਾਲ ਸੰਪਰਕ ਕਰਨਾ ਬੰਦ ਕਰ ਦਿੱਤਾ।
EDITED BY- HARLEEN KAUR



