टॉप न्यूज़

ਲੁਧਿਆਣਾ ਵਿੱਚ ਚਿਕਨ ਕਾਰੋਬਾਰੀ ਨੇ ਪੁਲਿਸ ‘ਤੇ ਲਗਾਏ ਗੰਭੀਰ ਇਲਜ਼ਾਮ

ਲੁਧਿਆਣਾ ਵਿੱਚ ਇੱਕ ਚਿਕਨ ਕਾਰੋਬਾਰੀ ਵੱਲੋਂ ਪੁਲਿਸ ‘ਤੇ ਲਗਾਏ ਗੰਭੀਰ ਇਲਜ਼ਾਮਾਂ ਨੇ ਮਾਮਲੇ ਨੂੰ ਚਰਚਾ ਦਾ ਕੇਂਦਰ ਬਣਾ ਦਿੱਤਾ ਹੈ। ਬਿੰਦਰਾ ਚਿਕਨ ਕੋਰਨਰ ਦੇ ਨਾਮ ਨਾਲ ਮਸ਼ਹੂਰ ਕਾਰੋਬਾਰੀ ਸਰਬਜੀਤ ਸਿੰਘ ਬਿੰਦਰਾ ਨੇ ਦਾਅਵਾ ਕੀਤਾ ਹੈ ਕਿ ਪੁਲਿਸ ਹਿਰਾਸਤ ਦੌਰਾਨ ਉਨ੍ਹਾਂ ਨਾਲ ਤਸ਼ੱਦਦ ਕੀਤਾ ਗਿਆ, ਜਿਸ ਵਿੱਚ ਕੁੱਟਮਾਰ ਤੋਂ ਇਲਾਵਾ ਉਨ੍ਹਾਂ ਦੀ ਦਸਤਾਰ ਵੀ ਉਤਾਰੀ ਗਈ।
ਜਾਣਕਾਰੀ ਅਨੁਸਾਰ, ਬਿਤੇ ਦਿਨੀਂ ਪੁਲਿਸ ਨੇ ਰੇਡ ਦੌਰਾਨ ਸ਼ਰਾਬ ਪਿਲਾਉਣ ਦੇ ਦੋਸ਼ਾਂ ਹੇਠ ਸਰਬਜੀਤ ਸਿੰਘ ਬਿੰਦਰਾ ਸਮੇਤ ਕੁਝ ਹੋਰ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਸੀ। ਪਰ ਇਸ ਕਾਰਵਾਈ ਤੋਂ ਬਾਅਦ ਮਾਮਲਾ ਉਸ ਵੇਲੇ ਗੰਭੀਰ ਹੋ ਗਿਆ ਜਦੋਂ ਕਾਰੋਬਾਰੀ ਨੇ ਪੁਲਿਸ ‘ਤੇ ਹੀ ਗੰਭੀਰ ਇਲਜ਼ਾਮ ਲਗਾ ਦਿੱਤੇ।
ਸਰਬਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਹਿਰਾਸਤ ਦੌਰਾਨ ਪੁਲਿਸ ਮੁਲਾਜਮਾਂ ਨੇ ਉਨ੍ਹਾਂ ਨਾਲ ਬੇਹੱਦ ਜ਼ਿਆਦਤੀ ਕੀਤੀ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦੇ ਕੱਪੜੇ ਉਤਾਰ ਕੇ ਕੁੱਟਮਾਰ ਕੀਤੀ ਗਈ ਅਤੇ ਕਰੰਟ ਵੀ ਲਗਾਇਆ ਗਿਆ। ਇਸ ਦੇ ਨਾਲ ਹੀ ਉਨ੍ਹਾਂ ਦੀ ਦਸਤਾਰ ਉਤਾਰਨ ਦੀ ਵੀ ਗੱਲ ਕਹੀ ਗਈ, ਜਿਸ ਨੂੰ ਉਹਨਾਂ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਘਟਨਾ ਦੱਸਿਆ।
ਉਨ੍ਹਾਂ ਇਹ ਵੀ ਕਿਹਾ ਕਿ ਇਸ ਦੌਰਾਨ ਉਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਮਾਮਲੇ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਕਮਿਸ਼ਨਰ ਕੋਲ ਸ਼ਿਕਾਇਤ ਦੇ ਕੇ ਨਿਆਂ ਦੀ ਮੰਗ ਕੀਤੀ ਹੈ ਅਤੇ ਦੋਸ਼ੀ ਪੁਲਿਸ ਮੁਲਾਜਮਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।
ਦੂਜੇ ਪਾਸੇ, ਜਦੋਂ ਇਸ ਮਾਮਲੇ ਸਬੰਧੀ ਥਾਣਾ ਡਿਵੀਜ਼ਨ ਨੰਬਰ 6 ਦੇ ਐਸਐਚਓ ਵਿਜੇ ਕੁਮਾਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ, ਤਾਂ ਉਨ੍ਹਾਂ ਕੈਮਰੇ ਸਾਹਮਣੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਹਾਲਾਂਕਿ, ਉਨ੍ਹਾਂ ਨੇ ਇਹ ਜ਼ਰੂਰ ਕਿਹਾ ਕਿ ਇਹ ਸਾਰੇ ਇਲਜ਼ਾਮ ਬੇਬੁਨਿਆਦ ਹਨ। ਉਨ੍ਹਾਂ ਦੇ ਅਨੁਸਾਰ, ਕਾਰੋਬਾਰੀ ਨੂੰ ਦੁਕਾਨ ‘ਤੇ ਸ਼ਰਾਬ ਪਿਲਾਉਂਦੇ ਹੋਏ ਰੰਗੇ ਹੱਥੀਂ ਫੜਿਆ ਗਿਆ ਸੀ ਅਤੇ ਹੁਣ ਆਪਣੇ ਆਪ ਨੂੰ ਬਚਾਉਣ ਲਈ ਇਹ ਦੋਸ਼ ਲਗਾਏ ਜਾ ਰਹੇ ਹਨ।
ਇਸ ਮਾਮਲੇ ਨੇ ਹੁਣ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ—ਕੀ ਸੱਚਮੁੱਚ ਹਿਰਾਸਤ ਵਿੱਚ ਤਸ਼ੱਦਦ ਹੋਇਆ ਜਾਂ ਫਿਰ ਇਹ ਸਿਰਫ਼ ਇਲਜ਼ਾਮ ਹਨ? ਹੁਣ ਸਭ ਦੀ ਨਜ਼ਰ ਪੁਲਿਸ ਕਮਿਸ਼ਨਰ ਵੱਲੋਂ ਕੀਤੀ ਜਾਣ ਵਾਲੀ ਜਾਂਚ ‘ਤੇ ਟਿਕੀ ਹੋਈ ਹੈ, ਜੋ ਇਸ ਪੂਰੇ ਮਾਮਲੇ ਦੀ ਸੱਚਾਈ ਸਾਹਮਣੇ ਲਿਆਵੇਗੀ।
EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!